ਰਾਜਸਥਾਨ, 11 ਅਕਤੂਬਰ 2023 – ਰਾਜਸਥਾਨ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਰੀਕ ਬਦਲ ਦਿੱਤੀ ਗਈ ਹੈ। ਇਸ ਤੋਂ ਪਹਿਲਾਂ 23 ਨਵੰਬਰ ਨੂੰ ਇੱਕ ਪੜਾਅ ਵਿੱਚ ਚੋਣਾਂ ਹੋਣੀਆਂ ਸਨ। ਹੁਣ ਇਸ ਨੂੰ ਬਦਲ ਕੇ 25 ਨਵੰਬਰ ਕਰ ਦਿੱਤਾ ਗਿਆ ਹੈ। ਹਾਲਾਂਕਿ, ਵੋਟਿੰਗ ਇੱਕ ਪੜਾਅ ਵਿੱਚ ਹੋਵੇਗੀ। ਚੋਣਾਂ ਦੇ ਨਤੀਜੇ 3 ਦਸੰਬਰ ਨੂੰ ਆਉਣਗੇ।
ਦਰਅਸਲ, ਭਾਰਤ ਦੇ ਚੋਣ ਕਮਿਸ਼ਨ ਨੇ ਰਾਜਸਥਾਨ ਸਮੇਤ ਪੰਜ ਰਾਜਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਸੀ। ਰਾਜਸਥਾਨ ਵਿੱਚ ਇੱਕ ਪੜਾਅ ਵਿੱਚ ਵੋਟਿੰਗ ਦੀ ਮਿਤੀ 23 ਨਵੰਬਰ ਤੈਅ ਕੀਤੀ ਗਈ ਸੀ। ਪਰ, ਮਿਤੀ ਦਾ ਐਲਾਨ ਹੋਣ ਤੋਂ ਬਾਅਦ, ਵੱਖ-ਵੱਖ ਰਾਜਨੀਤਿਕ ਪਾਰਟੀਆਂ, ਸਮਾਜਿਕ ਸੰਗਠਨਾਂ ਅਤੇ ਵੱਖ-ਵੱਖ ਮੀਡੀਆ ਪਲੇਟਫਾਰਮਾਂ ਨੇ ਚੋਣਾਂ ਦੀ ਤਰੀਕ ਨੂੰ ਲੈ ਕੇ ਭਾਰਤੀ ਚੋਣ ਕਮਿਸ਼ਨ ਨੂੰ ਆਪਣੇ ਵਿਚਾਰ ਪੇਸ਼ ਕੀਤੇ ਗਏ।
ਦੱਸਿਆ ਗਿਆ ਕਿ ਦੇਵੋਥਾਨ ਇਕਾਦਸ਼ੀ 23 ਨਵੰਬਰ ਨੂੰ ਹੈ। ਇਸ ਕਾਰਨ ਇੱਥੇ ਵੱਡੀ ਗਿਣਤੀ ਵਿੱਚ ਵਿਆਹ ਦੀਆਂ ਰਸਮਾਂ ਅਤੇ ਸ਼ੁਭ ਅਤੇ ਧਾਰਮਿਕ ਤਿਉਹਾਰ ਹੁੰਦੇ ਹਨ। ਅਜਿਹੇ ‘ਚ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਵਾਹਨਾਂ ਦੀ ਕਮੀ ਰਹੇਗੀ ਅਤੇ ਵੋਟਿੰਗ ਵੀ ਪ੍ਰਭਾਵਿਤ ਹੋ ਸਕਦੀ ਹੈ। ਇਸ ਕਾਰਨ ਸੂਬੇ ਦੀਆਂ ਕਈ ਸਮਾਜਿਕ, ਸਿਆਸੀ ਤੇ ਸੱਭਿਆਚਾਰਕ ਜਥੇਬੰਦੀਆਂ ਨੇ ਆਪਣੇ ਨੁਮਾਇੰਦਿਆਂ ਰਾਹੀਂ ਕਮਿਸ਼ਨ ਨੂੰ ਇਸ ਤਰੀਕ ‘ਤੇ ਹੋਣ ਵਾਲੀ ਵੋਟਿੰਗ ਮੁਲਤਵੀ ਕਰਨ ਦੀ ਬੇਨਤੀ ਕੀਤੀ ਸੀ। ਕਮਿਸ਼ਨ ਨੇ ਇਸ ‘ਤੇ ਵਿਚਾਰ ਕੀਤਾ ਅਤੇ ਵੋਟਿੰਗ ਦੀ ਮਿਤੀ 23 ਨਵੰਬਰ ਦੀ ਬਜਾਏ 25 ਨਵੰਬਰ (ਸ਼ਨੀਵਾਰ) ਕਰ ਦਿੱਤੀ।