ਨਵੀਂ ਦਿੱਲੀ, 15 ਮਾਰਚ 2024 – ਭਲਕੇ ਲੋਕ ਸਭਾ ਚੋਣਾਂ 2024 ਦੀਆਂ ਤਰੀਕਾਂ ਦਾ ਐਲਾਨ ਹੋਵੇਗਾ। ਚੋਣ ਕਮਿਸ਼ਨ ਆਮ ਚੋਣਾਂ 2024 ਅਤੇ ਵਿਧਾਨ ਸਭਾਵਾਂ ਦੇ ਕਾਰਜਕ੍ਰਮ ਦਾ ਐਲਾਨ ਕਰਨ ਲਈ ਸ਼ਨੀਵਾਰ, 16 ਮਾਰਚ ਨੂੰ ਇੱਕ ਪ੍ਰੈਸ ਕਾਨਫਰੰਸ ਕਰੇਗਾ। ਪ੍ਰੈਸ ਕਾਨਫਰੰਸ ਦੁਪਹਿਰ 3 ਵਜੇ ਹੋਵੇਗੀ। ਇਸ ਨੂੰ ECI ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਲਾਈਵ ਸਟ੍ਰੀਮ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪੂਰੇ ਦੇਸ਼ ਵਿੱਚ ਚੋਣ ਜ਼ਾਬਤਾ ਵੀ ਲਾਗੂ ਹੋਵੇਗਾ।
ਇੱਕ ਦਿਨ ਪਹਿਲਾਂ ਦੋ ਚੋਣ ਕਮਿਸ਼ਨਰ ਨਿਯੁਕਤ ਕੀਤੇ ਗਏ ਹਨ। ਗਿਆਨੇਸ਼ ਕੁਮਾਰ ਅਤੇ ਸੁਖਬੀਰ ਸੰਧੂ ਨਵੇਂ ਚੋਣ ਕਮਿਸ਼ਨਰ ਹਨ ਜਿਨ੍ਹਾਂ ਨੇ ਅੱਜ ਹੀ ਸ਼ੁੱਕਰਵਾਰ, 15 ਮਾਰਚ ਨੂੰ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਲਣ ਤੋਂ ਬਾਅਦ ਕਮਿਸ਼ਨ ਦੇ ਤਿੰਨ ਅਧਿਕਾਰੀਆਂ ਨੇ ਅੱਜ ਸ਼ੁੱਕਰਵਾਰ ਨੂੰ ਹੀ ਚੋਣ ਪ੍ਰੋਗਰਾਮ ਨੂੰ ਲੈ ਕੇ ਮੀਟਿੰਗ ਕੀਤੀ ਸੀ।
2024 ਦੀਆਂ ਲੋਕ ਸਭਾ ਚੋਣਾਂ ਵਿੱਚ 97 ਕਰੋੜ ਲੋਕ ਵੋਟ ਪਾ ਸਕਣਗੇ। 8 ਫਰਵਰੀ ਨੂੰ ਚੋਣ ਕਮਿਸ਼ਨ ਨੇ ਸਾਰੇ 28 ਰਾਜਾਂ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵੋਟਰਾਂ ਨਾਲ ਸਬੰਧਤ ਵਿਸ਼ੇਸ਼ ਸੰਖੇਪ ਸੰਸ਼ੋਧਨ 2024 ਰਿਪੋਰਟ ਜਾਰੀ ਕੀਤੀ ਸੀ। ਕਮਿਸ਼ਨ ਨੇ ਕਿਹਾ ਕਿ 18 ਤੋਂ 29 ਸਾਲ ਦੀ ਉਮਰ ਦੇ 2 ਕਰੋੜ ਨਵੇਂ ਵੋਟਰ ਵੋਟਿੰਗ ਵਿੱਚ ਸ਼ਾਮਲ ਹੋਏ ਹਨ। ਸੂਚੀ 2019 ਦੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਰਜਿਸਟਰਡ ਵੋਟਰਾਂ ਦੀ ਗਿਣਤੀ ਵਿੱਚ 6% ਦਾ ਵਾਧਾ ਹੋਇਆ ਹੈ।
2014-2019 ਵਿੱਚ ਸ਼ਡਿਊਲ ਇਸ ਤਰ੍ਹਾਂ ਸੀ
ਪਿਛਲੀਆਂ ਦੋ ਲੋਕ ਸਭਾ ਚੋਣਾਂ ਵਿੱਚ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਅਤੇ ਵੋਟਿੰਗ ਵਿੱਚ ਕਰੀਬ 40 ਤੋਂ 50 ਦਿਨਾਂ ਦਾ ਅੰਤਰ ਸੀ। 2019 ਦੀਆਂ ਲੋਕ ਸਭਾ ਚੋਣਾਂ 11 ਅਪ੍ਰੈਲ ਤੋਂ 19 ਮਈ ਦਰਮਿਆਨ 7 ਪੜਾਵਾਂ ਵਿੱਚ ਹੋਈਆਂ ਸਨ। ਨਤੀਜਾ ਚੌਥੇ ਦਿਨ 23 ਮਈ ਨੂੰ ਆਇਆ। ਇਸੇ ਤਰ੍ਹਾਂ 2014 ਵਿੱਚ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਵੀ 5 ਮਾਰਚ ਨੂੰ ਹੋਇਆ ਸੀ। 7 ਅਪ੍ਰੈਲ ਤੋਂ 12 ਮਈ ਤੱਕ 9 ਪੜਾਵਾਂ ‘ਚ ਚੋਣਾਂ ਹੋਈਆਂ। ਇਸ ਵਾਰ ਵੀ ਚੌਥੇ ਦਿਨ ਭਾਵ 16 ਮਈ ਨੂੰ ਨਤੀਜੇ ਆਏ ਸਨ।