- ਮੁੰਬਈ ਪੁਲਿਸ ਜਾਣਕਾਰੀ ਇਕੱਠੀ ਕਰਨ ਦੀ ਕਰ ਰਹੀ ਕੋਸ਼ਿਸ਼
ਮੁੰਬਈ, 18 ਦਸੰਬਰ 2023 – ਅੰਡਰਵਰਲਡ ਡਾਨ ਦਾਊਦ ਇਬਰਾਹਿਮ ਕਰਾਚੀ ਦੇ ਹਸਪਤਾਲ ‘ਚ ਭਰਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸ ਨੂੰ ਜ਼ਹਿਰ ਦਿੱਤਾ ਗਿਆ ਹੈ। ਹਾਲਾਂਕਿ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਉਹ 2 ਦਿਨਾਂ ਤੋਂ ਹਸਪਤਾਲ ‘ਚ ਦਾਖਲ ਹੈ। ਉਸ ਨੂੰ ਸਖ਼ਤ ਸੁਰੱਖਿਆ ਹੇਠ ਰੱਖਿਆ ਗਿਆ ਹੈ।
ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਹਸਪਤਾਲ ਦੇ ਜਿਸ ਫਲੋਰ ‘ਤੇ ਦਾਊਦ ਨੂੰ ਰੱਖਿਆ ਗਿਆ ਹੈ, ਉੱਥੇ ਕੋਈ ਹੋਰ ਮਰੀਜ਼ ਮੌਜੂਦ ਨਹੀਂ ਹੈ। ਉੱਥੇ ਸਿਰਫ਼ ਉਸ ਦੇ ਪਰਿਵਾਰਕ ਮੈਂਬਰ ਹੀ ਜਾ ਸਕਦੇ ਹਨ। ਮੁੰਬਈ ਪੁਲਿਸ ਵੀ ਇਸ ਮਾਮਲੇ ‘ਤੇ ਨਜ਼ਰ ਰੱਖ ਰਹੀ ਹੈ। ਮੁੰਬਈ ‘ਚ ਦਾਊਦ ਦੇ ਰਿਸ਼ਤੇਦਾਰਾਂ ਤੋਂ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਨਿਊਜ਼ ਵੈਬਸਾਈਟ ਦੀ ਖ਼ਬਰ ਮੁਤਾਬਿਕ ਰਾਅ ਦੇ ਇੱਕ ਅਧਿਕਾਰੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਦਾਊਦ ਨੂੰ ਜ਼ਹਿਰ ਦਿੱਤੇ ਜਾਣ ਦੀ ਖ਼ਬਰ ਜ਼ਿਆਦਾਤਰ ਅਫਵਾਹ ਹੋ ਸਕਦੀ ਹੈ। ਦਾਊਦ ਦੀ ਸੁਰੱਖਿਆ ਇੰਨੀ ਮਜ਼ਬੂਤ ਹੈ ਕਿ ਉਸ ਤੱਕ ਪਹੁੰਚਣ ਲਈ ਕਿਸੇ ਵੀ ਵਿਅਕਤੀ ਨੂੰ ਘੱਟੋ-ਘੱਟ 150 ਲੋਕਾਂ ਵਿੱਚੋਂ ਲੰਘਣਾ ਪੈਂਦਾ ਹੈ।
ਦਾਊਦ ਇਬਰਾਹਿਮ ਭਾਰਤ ਦਾ ਮੋਸਟ ਵਾਂਟੇਡ ਅੱਤਵਾਦੀ ਹੈ, NIA ਨੇ ਪਿਛਲੇ ਸਾਲ ਇਨਾਮੀ ਰਾਸ਼ੀ ਦੀ ਸੂਚੀ ਜਾਰੀ ਕੀਤੀ ਸੀ। ਇਸ ‘ਚ ਦਾਊਦ ‘ਤੇ 25 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਸੰਯੁਕਤ ਰਾਸ਼ਟਰ ਨੇ ਵੀ ਦਾਊਦ ਨੂੰ ਗਲੋਬਲ ਅੱਤਵਾਦੀ ਐਲਾਨਿਆ ਹੋਇਆ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ 2003 ਵਿਚ ਦਾਊਦ ਇਬਰਾਹਿਮ ‘ਤੇ 25 ਮਿਲੀਅਨ ਡਾਲਰ ਦਾ ਇਨਾਮ ਰੱਖਿਆ ਸੀ।
ਉਸ ਵਿਰੁੱਧ ਵੱਖ-ਵੱਖ ਰਾਸ਼ਟਰੀ ਏਜੰਸੀਆਂ ਦੁਆਰਾ ਕਈ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚ ਮਨੀ ਲਾਂਡਰਿੰਗ ਕੇਸ ਅਤੇ ਹਥਿਆਰਾਂ ਦੀ ਤਸਕਰੀ ਦਾ ਕੇਸ ਸ਼ਾਮਲ ਹੈ। ਉਸਨੇ 1970 ਵਿੱਚ ਸਿੰਡੀਕੇਟ ਡੀ-ਕੰਪਨੀ ਬਣਾਈ।
ਦਾਊਦ ਇਬਰਾਹਿਮ ‘ਤੇ 1993 ‘ਚ ਮੁੰਬਈ ‘ਚ ਬੰਬ ਧਮਾਕੇ ਕਰਵਾਉਣ ਦੇ ਵੀ ਦੋਸ਼ ਹਨ। ਇਸ ‘ਚ 257 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 700 ਲੋਕ ਜ਼ਖਮੀ ਹੋ ਗਏ ਸਨ।
ਉਸ ‘ਤੇ ਕਤਲ, ਫਿਰੌਤੀ, ਟਾਰਗੇਟ ਕਿਲਿੰਗ, ਡਰੱਗ ਤਸਕਰੀ ਦੇ ਵੀ ਦੋਸ਼ ਹਨ। ਕਿਹਾ ਜਾਂਦਾ ਹੈ ਕਿ ਉਹ ਫਿਲਹਾਲ ਪਾਕਿਸਤਾਨ ਦੇ ਕਰਾਚੀ ‘ਚ ਰਹਿ ਰਿਹਾ ਹੈ ਪਰ ਪਾਕਿਸਤਾਨ ਸਰਕਾਰ ਇਸ ਗੱਲ ਤੋਂ ਇਨਕਾਰ ਕਰਦੀ ਹੈ। ਜਨਵਰੀ ‘ਚ ਦਾਊਦ ਦੀ ਭੈਣ ਹਸੀਨਾ ਪਾਰਕਰ ਨੇ ਪਾਕਿਸਤਾਨੀ ਮੀਡੀਆ ਹਾਊਸ ‘ਦ ਨਿਊਜ਼ ਇੰਟਰਨੈਸ਼ਨਲ’ ਨੂੰ ਦੱਸਿਆ ਸੀ ਕਿ ਦਾਊਦ ਕਰਾਚੀ ‘ਚ ਸੀ ਅਤੇ ਉਸ ਨੇ ਦੂਜੀ ਵਾਰ ਵਿਆਹ ਕੀਤਾ ਸੀ।
ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦਾ ਜਨਮ 27 ਦਸੰਬਰ 1955 ਨੂੰ ਰਤਨਾਗਿਰੀ, ਮਹਾਰਾਸ਼ਟਰ ਵਿੱਚ ਹੋਇਆ ਸੀ। ਉਸ ਦੇ ਤਿੰਨ ਬੱਚੇ ਹਨ, ਦੋ ਲੜਕੀਆਂ ਅਤੇ ਇੱਕ ਲੜਕਾ। ਦਾਊਦ ਇਬਰਾਹਿਮ ਦੀ ਪਤਨੀ ਜ਼ੁਬੀਨਾ ਜ਼ਰੀਨ ਨੂੰ ਮਹਿਜਬੀਨ ਸ਼ੇਖ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਦਾਊਦ ਦਾ ਬਚਪਨ ਮੁੰਬਈ ‘ਚ ਬੀਤਿਆ। ਦਾਊਦ ਦੇ ਪਿਤਾ ਦਾ ਭਰਾ ਸਲੀਮ ਕਸ਼ਮੀਰੀ ਅਜੇ ਵੀ ਇਸ ਇਲਾਕੇ ‘ਚ ਰਹਿੰਦਾ ਹੈ।