- ਦੋਵਾਂ ਦੇ ਕਾਤਲ ਨੁੰ ਫਾਂਸੀ ਦੁਆ ਕੇ ਛੱਡਾਂਗੇ : ਮਨਜਿੰਦਰ ਸਿੰਘ ਸਿਰਸਾ
ਨਵੀਂ ਦਿੱਲੀ, 26 ਜੂਨ 2021 – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉੱਤਰਾਖੰਡ ਦੇ ਰੁਦਰਪੁਰ ਵਿਚ ਕਤਲ ਹੋਏ ਦੋ ਭਰਾਵਾਂ ਦੇ ਗਰੀਬ ਪਰਿਵਾਰ ਨੁੰ ਦੋ ਲੱਖ ਰੁਪਏ ਦੀ ਮਾਲੀ ਮਦਦ ਕੀਤੀ ਹੈ ਤੇ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਐਲਾਨ ਕੀਤਾ ਹੈ ਕਿ ਭਾਵੇਂ ਜਿੰਨੇ ਮਰਜ਼ੀ ਮਹਿੰਗੇ ਵਕੀਲ ਕਰਨੇ ਪੈਣ, ਦੋਵਾਂ ਦੇ ਕਾਤਲ ਨੁੰ ਫਾਂਸੀ ਦੀ ਸਜ਼ਾ ਦੁਆ ਕੇ ਰਹਿਣਗੇ।
ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਰੁਦਰਪੁਰ ਵਿਖੇ ਸਰਦਾਰ ਅਜੀਤ ਸਿੰਘ ਦੇ ਪੁੱਤਰ ਦੋਵਾਂ ਭਰਾਵਾਂ ਦੇ ਭੋਗ ਸਮਾਗਮ ਵਿਖੇ ਗੱਲਬਾਤ ਕਰਨ ਤੋਂ ਬਾਅਦ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਦੋਵਾਂ ਭਰਾਵਾਂ ਦੇ ਭੋਗ ‘ਤੇ ਇਸ ਇਲਾਕੇ ਦੀਆਂ ਮੋਹਤਬਰ ਸ਼ਖਸੀਅਤਾਂ ਭਾਵੇਂ ਉੱਤਰਾਖੰਡ ਜਾਂ ਯੂ ਪੀ ਹੋਵੇ ਜਾਂ ਬਾਜ਼ਪੁਰ ਹੋਵੇ, ਸਾਰੇ ਰੁਦਰਪੁਰ ਦੇ ਗੁਰਦੁਆਰਾ ਸਾਹਿਬ ਅੰਦਰ ਪਹੁੰਚੇ ਸਨ।
ਉਹਨਾਂ ਦੱਸਿਆ ਕਿ ਦੋਵੇਂ ਭਰਾ ਸਕੂਲ ਦੀ ਬੱਸ ਚਲਾ ਕੇ ਘਰ ਦਾ ਗੁਜ਼ਾਰਾ ਕਰਦੇ ਸੀ। ਇਹਨਾਂ ਦੋਵਾਂ ਦਾ ਇਕ ਬਦਮਾਸ਼ ਨੇ ਕਤਲ ਕਰ ਦਿੱਤਾ। ਉਹਨਾਂ ਇਹ ਵੀ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਸਥਾਨਕ ਪੁਲਿਸ ਇਸ ਮਾਮਲੇ ਵਿਚ ਮੁਕੱਦਮਾ ਦਰਜ ਲਈ ਤਿਆਰ ਹੀ ਨਹੀਂ ਸੀ ਤੇ ਧਰਨੇ ਲਾਉਣ ਮਗਰੋਂ ਪ੍ਰਸ਼ਾਸਨ ਨੁੰ ਕੇਸ ਦਰਜ ਕਰਨ ਵਾਸਤੇ ਮਜਬੂਰ ਕੀਤਾ ਗਿਆ।
ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਅੱਜ ਸਾਡੀ ਲੀਡਰਸ਼ਿਪ ਕਮਜ਼ੋਰ ਹੋ ਚੁੱਕੀ ਹੈ ਅਤੇ ਸਾਡੇ ਲੀਡਰ ਆਪਣੇ ਨਿੱਜੀ ਕੰਮਾਂ ਵਾਸਤੇ ਰਹਿੰਦੇ ਸਨ। ਇਸ ਲਈ ਸੰਗਤ ਨੂੰ ਫੈਸਲੇ ਲੈਣ ਵਾਸਤੇ ਇਕਜੁੱਟ ਹੋਣਾ ਪੈਂਦਾ ਹੈ।
ਉਹਨਾਂ ਇਹ ਵੀ ਦੱਸਿਆ ਕਿ ਸਾਬਕਾ ਫੌਜੀ ਰੇਸ਼ਮ ਸਿੰਘ ਜਿਸ ਨਾਲ ਲਖੀਰਪੁਰ ਖੇੜੀ ਵਿਚ ਯੂ ਪੀ ਪੁਲਿਸ ਨੇ ਬੜੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਤੇ ਉਸਦੇ ਪਰਿਵਾਰ ਦੀਆਂ ਮਹਿਲਾਵਾਂ ਨਾਲ ਵੀ ਬਦਸਲੁਕੀ ਕੀਤੀ ਸੀ, ਇਸ ਮਾਮਲੇ ਵਿਚ ਉਹ ਏ ਡੀ ਜੀ ਪੀ ਬਰੇਲੀ ਅਵਿਨਾਸ਼ ਚੰਦਰ ਨੁੰ ਮਿਲ ਕੇ ਆਏ ਹਨ ਤੇ ਉਹਨਾ ਭਰੋਸਾ ਦਿੱਤਾ ਹੈ ਕਿ ਰੇਸ਼ਮ ਸਿੰਘ ਦੀ ਮਿਲਟਰੀ ਹਸਪਤਾਲ ਦੀ ਰਿਪੋਰਟ ਹੀ ਵਿਚਾਰੀ ਜਾਵੇਗੀ ਅਤੇ ਕੇਸਦੀ ਜਾਂਚ ਆਈ ਜੀ ਦੀ ਨਿਗਰਾਨੀ ਹੇਠ ਕਰਵਾ ਕੇ ਇਨਸਾਫ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇਹ ਨਿਆਂ ਦੀ ਦਿਸ਼ਾ ਵਿਚ ਅਹਿਮ ਕਦਮ ਹੈ ਤੇ ਜਿਥੇ ਅਸੀਂ ਸ੍ਰੀ ਚੰਦਰਾ ਦਾ ਧੰਨਵਾਦ ਕਰਦੇ ਹਾਂ, ਉਥੇ ਹੀ ਸੰਗਤ ਦਾ ਵੀ ਧੰਨਵਾਦ ਕਰਦੇ ਹਾਂ ਜਿਸਨੇ ਸਾਡੇ ‘ਤੇ ਹਮੇਸ਼ਾ ਭਰੋਸਾ ਪ੍ਰਗਟ ਕੀਤਾ ਹੈ।