ਨਵੀਂ ਦਿੱਲੀ, 12 ਅਗਸਤ 2022 – ਦਿੱਲੀ ਪੁਲਿਸ ਨੇ 15 ਅਗਸਤ (15 ਅਗਸਤ 2022) ਤੋਂ ਪਹਿਲਾਂ ਅਸਲੇ ਦੀ ਤਸਕਰੀ ਵਿੱਚ ਸ਼ਾਮਲ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਛਾਪੇਮਾਰੀ ਦੌਰਾਨ ਪੁਲਿਸ ਨੇ 2000 ਦੇ ਕਰੀਬ ਜਿੰਦਾ ਕਾਰਤੂਸਾਂ ਸਮੇਤ ਭਾਰੀ ਮਾਤਰਾ ਵਿੱਚ ਅਸਲਾ ਬਰਾਮਦ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਤਸਕਰੀ ਵਿੱਚ ਸ਼ਾਮਲ 6 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਦਿੱਲੀ ਪੁਲਿਸ ਨੇ ਕਾਰਤੂਸ ਸਪਲਾਈ ਕਰਨ ਵਾਲੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਾਜਿਸ਼ ਦਾ ਪਰਦਾਫਾਸ਼ ਕੀਤਾ ਹੈ। ਪੂਰਬੀ ਦਿੱਲੀ ਪੁਲਿਸ ਨੇ ਆਨੰਦ ਵਿਹਾਰ ਇਲਾਕੇ ਤੋਂ ਦੋ ਬੋਰੀਆਂ ਵਿੱਚ ਹਥਿਆਰਾਂ ਦਾ ਵੱਡਾ ਭੰਡਾਰ ਬਰਾਮਦ ਕੀਤਾ ਹੈ। ਇਸ ਦੇ ਨਾਲ ਹੀ ਦਿੱਲੀ ‘ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ।
ਪੁਲਿਸ ਦਾ ਮੰਨਣਾ ਹੈ ਕਿ 15 ਅਗਸਤ ਤੋਂ ਠੀਕ ਪਹਿਲਾਂ ਇਹ ਮੁਲਜ਼ਮ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਇੱਕ ਵੱਡੀ ਸਾਜਿਸ਼ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੇ ਸਨ। ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਤੋਂ ਪਹਿਲਾਂ ਆਈਬੀ ਨੇ ਰਿਪੋਰਟ ਜਾਰੀ ਕਰਕੇ ਦਿੱਲੀ ਪੁਲਿਸ ਨੂੰ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ ਸਨ।
ਦੱਸ ਦਈਏ ਕਿ ਇਸੇ ਮਹੀਨੇ ਆਈਬੀ ਨੇ 10 ਪੰਨਿਆਂ ਦੀ ਖੁਫੀਆ ਰਿਪੋਰਟ ‘ਚ ਕਿਹਾ ਸੀ ਕਿ ਅੱਤਵਾਦੀ 15 ਅਗਸਤ ਨੂੰ ਅੱਤਵਾਦੀ ਹਮਲਾ ਕਰ ਸਕਦੇ ਹਨ। ਅਜਿਹੇ ‘ਚ ਦਿੱਲੀ ਪੁਲਸ ਨੂੰ ਅਲਰਟ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਚੌਕਸੀ ਲੈਂਦੇ ਹੋਏ ਦਿੱਲੀ ਪੁਲਿਸ ਨੇ ਵੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ।
ਦਿੱਲੀ ਪੁਲਿਸ ਨੇ ਆਈਬੀ ਦੀਆਂ ਹਦਾਇਤਾਂ ‘ਤੇ ਲਾਲ ਕਿਲੇ ਦੇ ਘੇਰੇ ਨੂੰ ਕਵਰ ਕਰਨ ਵਾਲੇ ਉੱਤਰੀ ਜ਼ਿਲੇ ਅਤੇ ਕੇਂਦਰੀ ਜ਼ਿਲੇ ‘ਚ ਵੱਡੀ ਗਿਣਤੀ ‘ਚ ਕੈਮਰੇ ਲਗਾਏ ਹਨ। ਇਹ ਕੈਮਰੇ IP-ਅਧਾਰਿਤ ਫੇਸ ਡਿਟੈਕਸ਼ਨ, ਪੀਪਲ ਮੂਵਮੈਂਟ ਡਿਟੈਕਸ਼ਨ, ਟ੍ਰਿਪਵਾਇਰ, ਆਡੀਓ ਡਿਟੈਕਸ਼ਨ, ਘੁਸਪੈਠ, ਡੀਫੋਕਸ ਆਦਿ ਵਿਸ਼ੇਸ਼ਤਾਵਾਂ ਨਾਲ ਲੈਸ ਹੋਣਗੇ।