ਨਵੀਂ ਦਿੱਲੀ, 28 ਫਰਵਰੀ 2022 – ਦਿੱਲੀ ਦੰਗਿਆਂ ਦੇ ਮਾਮਲੇ ‘ਚ ਦਿੱਲੀ ਹਾਈਕੋਰਟ ਨੇ ਕਈ ਵੱਡੀਆਂ ਸਿਆਸੀ ਹਸਤੀਆਂ ਨੂੰ ਨੋਟਿਸ ਭੇਜੇ ਹਨ। ਦਿੱਲੀ ਹਾਈਕੋਰਟ ਵੱਲੋਂ ਉਹਨਾਂ ਨੂੰ ਪੁੱਛਿਆ ਗਿਆ ਹੈ ਕਿ ਕਿਉਂ ਨਾ ਇਸ ਮਾਮਲੇ ‘ਚ ਪਾਰਟੀ ਵਜੋਂ ਉਨ੍ਹਾਂ ‘ਤੇ ਮੁਕੱਦਮਾ ਚਲਾਇਆ ਜਾਵੇ। ਅਦਾਲਤ ਨੇ ਇਸ ਮਾਮਲੇ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਸੰਸਦ ਮੈਂਬਰਾਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਨੋਟਿਸ ਭੇਜਿਆ ਹੈ।
ਇਸ ਤੋਂ ਇਲਾਵਾ ਦਿੱਲੀ ਹਾਈ ਕੋਰਟ ਨੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਭਾਜਪਾ ਆਗੂ ਕਪਿਲ ਮਿਸ਼ਰਾ, ਭਾਜਪਾ ਸੰਸਦ ਮੈਂਬਰ ਪਰਵੇਸ਼ ਵਰਮਾ ਨੂੰ ਵੀ ਇਸੇ ਤਰ੍ਹਾਂ ਦਾ ਨੋਟਿਸ ਭੇਜਿਆ ਹੈ।
ਉੱਤਰ ਪੂਰਬੀ ਦਿੱਲੀ ਵਿੱਚ ਹੋਏ ਦੰਗਿਆਂ ਨੂੰ ਦੋ ਸਾਲ ਬੀਤ ਚੁੱਕੇ ਹਨ। ਸਾਲ 2020 ਵਿੱਚ ਉੱਤਰ ਪੂਰਬੀ ਦਿੱਲੀ ਵਿੱਚ 23 ਫਰਵਰੀ ਤੋਂ 26 ਫਰਵਰੀ ਤੱਕ ਦੰਗੇ ਹੋਏ ਸਨ। ਇਸ ਦੌਰਾਨ 53 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਦੰਗਿਆਂ ਵਿੱਚ 581 ਲੋਕ ਜ਼ਖ਼ਮੀ ਹੋਏ ਸਨ। 24 ਅਤੇ 25 ਫਰਵਰੀ ਨੂੰ ਉੱਤਰ-ਪੂਰਬੀ ਦਿੱਲੀ ਵਿੱਚ ਦੰਗਾਕਾਰੀਆਂ ਨੇ ਹੰਗਾਮਾ ਮਚਾਇਆ ਸੀ। ਇਨ੍ਹਾਂ ਦੰਗਿਆਂ ਦੇ ਮਾਮਲੇ ਵਿੱਚ ਕੁੱਲ 755 ਐਫਆਈਆਰ ਦਰਜ ਕੀਤੀਆਂ ਗਈਆਂ ਸਨ।
ਇਨ੍ਹਾਂ ਵਿੱਚੋਂ ਕੁਝ ਮਾਮਲਿਆਂ ਦੀ ਸੁਣਵਾਈ ਹਾਈ ਕੋਰਟ, ਕੜਕੜਡੂਮਾ ਕੋਰਟ ਵਿੱਚ ਵੀ ਚੱਲ ਰਹੀ ਹੈ। ਕੁਝ ਦੋਸ਼ੀਆਂ ਨੂੰ ਅਦਾਲਤ ਤੋਂ ਜ਼ਮਾਨਤ ਵੀ ਮਿਲ ਚੁੱਕੀ ਹੈ।