ਨਵੀਂ ਦਿੱਲੀ, 21 ਸਤੰਬਰ 2024 – ਆਤਿਸ਼ੀ ਦਿੱਲੀ ਦੀ 9ਵੀਂ ਅਤੇ ਸਭ ਤੋਂ ਛੋਟੀ ਉਮਰ ਦੀ ਮੁੱਖ ਮੰਤਰੀ ਅਤੇ ਸੁਸ਼ਮਾ ਸਵਰਾਜ ਅਤੇ ਸ਼ੀਲਾ ਦੀਕਸ਼ਿਤ ਤੋਂ ਬਾਅਦ ਤੀਜੀ ਮਹਿਲਾ ਮੁੱਖ ਮੰਤਰੀ ਹੋਵੇਗੀ। ਆਤਿਸ਼ੀ ਸ਼ਨੀਵਾਰ ਸ਼ਾਮ 4:30 ਵਜੇ ਰਾਜ ਭਵਨ ‘ਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। LG ਵਿਨੈ ਕੁਮਾਰ ਸਕਸੈਨਾ ਉਨ੍ਹਾਂ ਨੂੰ ਸਹੁੰ ਚੁਕਾਉਣਗੇ।
43 ਸਾਲਾ ਆਤਿਸ਼ੀ ਕਾਲਕਾਜੀ ਸੀਟ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੀ ਹੈ। ਦਿੱਲੀ ਦੇ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਬਣਨ ਦਾ ਰਿਕਾਰਡ ਵੀ ਉਨ੍ਹਾਂ ਦੇ ਨਾਂ ਹੋਵੇਗਾ। ਇਸ ਤੋਂ ਪਹਿਲਾਂ ਇਹ ਰਿਕਾਰਡ ਕੇਜਰੀਵਾਲ ਦੇ ਕੋਲ ਸੀ। ਕੇਜਰੀਵਾਲ 45 ਸਾਲ ਦੇ ਸਨ ਜਦੋਂ ਉਹ 2013 ਵਿੱਚ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ।
‘ਆਪ’ ਵਿਧਾਇਕ ਦਲ ਨੇ 17 ਸਤੰਬਰ ਨੂੰ ਕੇਜਰੀਵਾਲ ਦੇ ਅਸਤੀਫੇ ਤੋਂ ਬਾਅਦ ਮੁੱਖ ਮੰਤਰੀ ਵਜੋਂ ਆਤਿਸ਼ੀ ਦੇ ਨਾਂ ਨੂੰ ਅੰਤਿਮ ਰੂਪ ਦਿੱਤਾ ਸੀ। 20 ਸਤੰਬਰ ਨੂੰ ਰਾਸ਼ਟਰਪਤੀ ਮੁਰਮੂ ਨੇ ਕੇਜਰੀਵਾਲ ਦਾ ਅਸਤੀਫਾ ਸਵੀਕਾਰ ਕਰ ਲਿਆ ਅਤੇ ਆਤਿਸ਼ੀ ਨੂੰ ਮੁੱਖ ਮੰਤਰੀ ਨਿਯੁਕਤ ਕਰਨ ਦੀ ਇਜਾਜ਼ਤ ਦਿੱਤੀ।
ਆਤਿਸ਼ੀ ਦੇ ਨਾਲ ‘ਆਪ’ ਦੇ 5 ਵਿਧਾਇਕ ਗੋਪਾਲ ਰਾਏ, ਸੌਰਭ ਭਾਰਦਵਾਜ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਅਤੇ ਮੁਕੇਸ਼ ਅਹਲਾਵਤ ਵੀ ਮੰਤਰੀ ਵਜੋਂ ਸਹੁੰ ਚੁੱਕਣਗੇ। ਆਤਿਸ਼ੀ ਦੀ ਕੈਬਨਿਟ ‘ਚ ਮੁਕੇਸ਼ ਅਹਲਾਵਤ ਹੀ ਨਵਾਂ ਚਿਹਰਾ ਹੋਵੇਗਾ। ਬਾਕੀ 4 ਆਗੂ ਕੇਜਰੀਵਾਲ ਮੰਤਰੀ ਮੰਡਲ ਵਿੱਚ ਮੰਤਰੀ ਸਨ। ਅਹਿਲਾਵਤ ਨੂੰ ‘ਆਪ’ ਵਿਧਾਇਕ ਰਾਜਕੁਮਾਰ ਆਨੰਦ ਦੀ ਥਾਂ ਮੰਤਰੀ ਮੰਡਲ ‘ਚ ਜਗ੍ਹਾ ਮਿਲੀ ਹੈ। ਆਨੰਦ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ‘ਚ ਸ਼ਾਮਲ ਹੋ ਗਏ ਸਨ। ਉਹ ਕੇਜਰੀਵਾਲ ਮੰਤਰੀ ਮੰਡਲ ਵਿੱਚ ਸਮਾਜ ਭਲਾਈ ਮੰਤਰੀ ਸਨ। ਸਹੁੰ ਚੁੱਕ ਸਮਾਗਮ ‘ਚ ਕੇਜਰੀਵਾਲ ਅਤੇ ਸਿਸੋਦੀਆ ਵੀ ਸ਼ਾਮਲ ਹੋਣਗੇ।