ਨਵੀਂ ਦਿੱਲੀ, 23 ਮਾਰਚ 2022 – ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ, ਗ੍ਰਹਿ ਮੰਤਰਾਲੇ ਨੇ ਕੋਵਿਡ ਰੋਕਥਾਮ ਉਪਾਵਾਂ ਲਈ ਆਫ਼ਤ ਪ੍ਰਬੰਧਨ ਐਕਟ ਦੀਆਂ ਵਿਵਸਥਾਵਾਂ ਨੂੰ ਰੱਦ ਕਰ ਦਿੱਤਾ ਹੈ। ਅਧਿਕਾਰਤ ਆਦੇਸ਼ ਵਿਚ ਕਿਹਾ ਗਿਆ ਹੈ ਕਿ ਕੋਵਿਡ ਰੋਕਥਾਮ ਉਪਾਵਾਂ ਬਾਰੇ ਸਲਾਹ, ਫੇਸ ਮਾਸਕ ਦੀ ਵਰਤੋਂ ਜਾਰੀ ਰਹੇਗੀ। ਹੁਣ ਸੂਬਾ ਸਰਕਾਰਾਂ ਆਪਣੇ ਪੱਧਰ ‘ਤੇ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਫ਼ੈਸਲਾ ਲੈ ਸਕਦੀ ਹੈ।
ਕੋਰੋਨਾ ਵਾਇਰਸ ਦੀ ਲਾਗ ਦੇ ਲਗਾਤਾਰ ਘੱਟ ਹੁੰਦੇ ਮਾਮਲਿਆਂ ਦੇ ਮੱਦੇਨਜ਼ਰ, ਗ੍ਰਹਿ ਮੰਤਰਾਲਾ ਨੇ 31 ਮਾਰਚ ਤੋਂ ਲਗਭਗ ਦੋ ਸਾਲਾਂ ਬਾਅਦ ਕੋਵਿਡ-19 ਨਾਲ ਸਬੰਧਤ ਸਾਰੀਆਂ ਪਾਬੰਦੀਆਂ ਹਟਾਉਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ, ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਦੇ ਨਿਯਮ ਲਾਗੂ ਰਹਿਣਗੇ।
ਕੇਂਦਰ ਸਰਕਾਰ ਨੇ 24 ਮਾਰਚ, 2020 ਨੂੰ ਪਹਿਲੀ ਵਾਰ ਦੇਸ਼ ‘ਚ ਕੋਰੋਨਾ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਡਿਜ਼ਾਸਟਰ ਮੈਨੇਜਮੈਂਟ ਐਕਟ, (ਡੀ.ਐਮ. ਐਕਟ) 2005 ਦੇ ਤਹਿਤ ਕਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ ਅਤੇ ਸਮੇਂ-ਸਮੇਂ ‘ਤੇ ਬਦਲਾਅ ਵੀ ਕੀਤੇ ਸਨ। ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਲਿਖੇ ਪੱਤਰ ‘ਚ ਕਿਹਾ ਕਿ ਪਿਛਲੇ 24 ਮਹੀਨਿਆਂ ‘ਚ ਗਲੋਬਲ ਮਹਾਮਾਰੀ ਦੇ ਪ੍ਰਬੰਧਨ ਦੇ ਵੱਖ-ਵੱਖ ਪਹਿਲੂਆਂ ਜਿਵੇਂ ਕਿ ਬੀਮਾਰੀਆਂ ਦਾ ਪਤਾ ਲਗਾਉਣਾ, ਨਿਗਰਾਨੀ ਕਰਨਾ, ਸੰਪਰਕ ਟਰੇਸਿੰਗ, ਇਲਾਜ ਟੀਕਾਕਰਨ, ਹਸਪਤਾਲ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਆਦਿ ਸਮੇਤ ਕਈ ਅਹਿਮ ਕਦਮ ਚੁੱਕੇ ਗਏ ਹਨ।