ਜਬਲਪੁਰ, 5 ਜੁਲਾਈ 2025 – ਮਹਿੰਗੇ ਇਲਾਜ ਦੇ ਮੌਜੂਦਾ ਦੌਰ ‘ਚ ਵੀ ਸਿਰਫ਼ 20 ਰੁਪਏ ‘ਚ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਮਸ਼ਹੂਰ ਡਾਕਟਰ ਪਦਮ ਸ਼੍ਰੀ ਮੁਨੀਸ਼ਵਰ ਚੰਦਰ ਡਾਵਰ ਦਾ ਸ਼ੁੱਕਰਵਾਰ ਨੂੰ ਇੱਥੇ ਦਿਹਾਂਤ ਹੋ ਗਿਆ। ਉਹ 79 ਸਾਲ ਦੇ ਸਨ। ਪਰਿਵਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਸ਼ੁੱਕਰਵਾਰ ਸਵੇਰੇ ਉਮਰ ਨਾਲ ਸਬੰਧਤ ਬੀਮਾਰੀਆਂ ਕਾਰਨ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਾਮ 4 ਵਜੇ ਗੁਪਤੇਸ਼ਵਰ ਮੁਕਤੀਧਾਮ ਵਿਖੇ ਕੀਤਾ ਗਿਆ।
ਡਾਕਟਰ ਭਾਈਚਾਰੇ ਸਮੇਤ ਸਮਾਜ ਦੇ ਸਾਰੇ ਵਰਗਾਂ ਦੇ ਲੋਕ ਉਨ੍ਹਾਂ ਦੀ ਅੰਤਿਮ ਯਾਤਰਾ ‘ਚ ਸ਼ਾਮਲ ਹੋਏ ਅਤੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ। ਮੁੱਖ ਮੰਤਰੀ ਮੋਹਨ ਯਾਦਵ, ਰਾਜ ਸਰਕਾਰ ‘ਚ ਮੰਤਰੀ ਅਤੇ ਜਬਲਪੁਰ ਤੋਂ ਸਾਬਕਾ ਸੰਸਦ ਮੈਂਬਰ ਰਾਕੇਸ਼ ਸਿੰਘ ਸਮੇਤ ਕਈ ਨੇਤਾਵਾਂ ਨੇ ਡਾ. ਡਾਵਰ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕੀਤਾ।
ਡਾ. ਡਾਵਰ ਦਾ ਜਨਮ 16 ਜਨਵਰੀ 1946 ਨੂੰ ਪਾਕਿਸਤਾਨ ਦੇ ਪੰਜਾਬ ਸੂਬੇ ‘ਚ ਹੋਇਆ ਸੀ ਅਤੇ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਭਾਰਤ ‘ਚ ਵਸ ਗਿਆ ਸੀ। ਉਨ੍ਹਾਂ ਨੇ 1967 ‘ਚ ਜਬਲਪੁਰ ਮੈਡੀਕਲ ਕਾਲਜ ਤੋਂ ਐੱਮਬੀਬੀਐੱਸ (ਬੈਚਲਰ ਆਫ਼ ਮੈਡੀਸਨ ਅਤੇ ਬੈਚਲਰ ਆਫ਼ ਸਰਜਰੀ) ਦੀ ਪੜ੍ਹਾਈ ਕੀਤੀ। ਉਨ੍ਹਾਂ ਨੇ 1971 ‘ਚ ਭਾਰਤ-ਪਾਕਿ ਜੰਗ ਦੌਰਾਨ ਲਗਭਗ ਇਕ ਸਾਲ ਭਾਰਤੀ ਫੌਜ ‘ਚ ਸੇਵਾ ਕੀਤੀ।

ਇਸ ਤੋਂ ਬਾਅਦ, 1972 ‘ਚ, ਉਨ੍ਹਾਂ ਨੇ ਜਬਲਪੁਰ ‘ਚ ਲੋਕਾਂ ਨੂੰ ਬਹੁਤ ਹੀ ਮਾਮੂਲੀ ਫੀਸ ‘ਤੇ ਸਿਹਤ ਸੇਵਾਵਾਂ ਪ੍ਰਦਾਨ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ 2 ਰੁਪਏ ‘ਚ ਲੋਕਾਂ ਦਾ ਇਲਾਜ ਕਰਨਾ ਸ਼ੁਰੂ ਕੀਤਾ ਅਤੇ ਇਸ ਤੋਂ ਬਾਅਦ ਉਹ 5, 10 ਅਤੇ 15 ਰੁਪਏ ਲੈ ਕੇ ਮਰੀਜ਼ਾਂ ਦਾ ਇਲਾਜ ਕਰਦੇ ਸਨ। ਮੌਜੂਦਾ ਸਮੇਂ ਉਹ ਸਿਰਫ਼ 20 ਰੁਪਏ ਫੀਸ ਲੈਂਦੇ ਸਨ। ਮਨੁੱਖੀ ਸੇਵਾ ਪ੍ਰਤੀ ਉਨ੍ਹਾਂ ਦੇ ਸਮਰਪਣ ਨੂੰ ਦੇਖਦੇ ਹੋਏ, ਕੇਂਦਰ ਸਰਕਾਰ ਨੇ 2023 ‘ਚ ਉਨ੍ਹਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਸੀ।
