ਪੰਚਕੂਲਾ, 3 ਨਵੰਬਰ 2022 – ਜਾਣਕਾਰੀ ਦਿੰਦਿਆਂ ਪੰਚਕੂਲਾ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਪੰਚਕੂਲਾ ਪੁਲਿਸ ਦੇ ਡਿਪਟੀ ਕਮਿਸ਼ਨਰ ਸੁਰਿੰਦਰਪਾਲ ਸਿੰਘ ਦੇ ਹੁਕਮ ਅਨੁਸਾਰ ਡਿਟੈਕਟਿਵ ਸਟਾਫ਼ ਇੰਚਾਰਜ ਸਤਬੀਰ ਸਿੰਘ ਦੀ ਅਗਵਾਈ ‘ਚ ਟੀਮ ਵੱਲੋਂ ਸਨੈਚਿੰਗ ਦੇ ਮਾਮਲੇ ‘ਚ ਇੱਕ ਦੋਸ਼ੀ ਨੂੰ ਕਾਬੂ ਕੀਤਾ ਗਿਆ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਪ੍ਰਦੀਪ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਇੰਦਰਾ ਫਲੈਟ ਮਨੀਮਾਜਰਾ ਚੰਡੀਗੜ੍ਹ ਵਜੋਂ ਹੋਈ ਹੈ।
ਮਿਲੀ ਜਾਣਕਰੀ ਅਨੁਸਾਰ ਨੌਜਵਾਨ ਕਾਫੀ ਪੜ੍ਹਿਆ-ਲਿਖਿਆ ਹੈ ਪਰ ਉਹ ਨਸ਼ੇ ਦਾ ਆਦੀ ਹੈ, ਜਿਸ ਕਾਰਨ ਆਪਣੇ ਨਸ਼ੇ ਦੀ ਪੂਰਤੀ ਲਈ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਮਿਤੀ 12.10.2022 ਨੂੰ ਸ਼ਿਕਾਇਤਕਰਤਾ ਔਰਤ ਸੰਜੂ ਵਾਸੀ ਪੰਚਕੂਲਾ ਨੇ ਦੱਸਿਆ ਕਿ ਜਦੋਂ ਉਹ ਸ਼ਾਮ ਕਰੀਬ 4.30 ਵਜੇ ਸੈਕਟਰ 09 ਦੀ ਮਾਰਕੀਟ ਵਿੱਚ ਗਈ ਤਾਂ ਪਿੱਛੇ ਤੋਂ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਨੇ ਆ ਕੇ ਉਸ ਦੇ ਹੱਥੋਂ ਉਸਦਾ ਪਰਸ ਖੋਹ ਲਿਆ ਅਤੇ ਭੱਜ ਗਿਆ। ਜਿਸ ਤੋਂ ਬਾਅਦ ਉਸ ਵੱਲੋਂ ਸੈਕਟਰ 05 ਦੇ ਠਾਣੇ ‘ਚ ਧਾਰਾ 379-ਏ ਤਹਿਤ ਮਾਮਲਾ ਦਰਜ ਕਰਵਾਇਆ ਗਿਆ ਸੀ।
ਮਾਮਲੇ ਦੀ ਅਗਲੇਰੀ ਜਾਂਚ ਡਿਟੈਕਟਿਵ ਸਟਾਫ਼ ਪੰਚਕੂਲਾ ਵੱਲੋਂ ਕੀਤੀ ਜਾ ਰਹੀ ਹੈ। ਜਿਸ ਵਿੱਚ ਪਰਸ ਖੋਹਣ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਨੂੰ ਕੱਲ੍ਹ 30 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਫੜੇ ਗਏ ਮੁਲਜ਼ਮ ਨੂੰ ਅੱਜ ਅਦਾਲਤ ਤੋਂ 2 ਦਿਨਾਂ ਦੇ ਪੁਲੀਸ ਰਿਮਾਂਡ ’ਤੇ ਲਿਆ ਗਿਆ ਤਾਂ ਜੋ ਮੁਲਜ਼ਮਾਂ ਕੋਲੋਂ ਹੋਰ ਖੋਹ ਦੀਆਂ ਵਾਰਦਾਤਾਂ ਦਾ ਖੁਲਾਸਾ ਕੀਤਾ ਜਾ ਸਕੇ।