ਨਵੀਂ ਦਿੱਲੀ, 19 ਨਵੰਬਰ 2024 – ਈ-ਕਾਮਰਸ ਕੰਪਨੀਆਂ ਐਮਾਜ਼ੋਨ ਅਤੇ ਫਲਿੱਪਕਾਰਟ ਵਿਦੇਸ਼ੀ ਨਿਵੇਸ਼ ਨਾਲ ਜੁੜੇ ਨਿਯਮਾਂ ਦੀ ਕਥਿਤ ਉਲੰਘਣਾ ਨੂੰ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਘੇਰੇ ‘ਚ ਆ ਗਈਆਂ ਹਨ। ਇਸ ਮਾਮਲੇ ਵਿੱਚ, ਫੇਮਾ ਨਿਯਮਾਂ ਦੀ ਉਲੰਘਣਾ ਦੇ ਸੰਦਰਭ ਵਿੱਚ, ਈਡੀ ਨੇ ਇਨ੍ਹਾਂ ਕੰਪਨੀਆਂ ਨਾਲ ਜੁੜੇ 19 ਤੋਂ ਵੱਧ ਸਥਾਨਾਂ ‘ਤੇ ਤਲਾਸ਼ੀ ਮੁਹਿੰਮ ਚਲਾਈ ਹੈ।
ਸੂਤਰਾਂ ਮੁਤਾਬਕ ਈਡੀ ਇਸ ਮਾਮਲੇ ‘ਚ ਐਮਾਜ਼ੋਨ ਅਤੇ ਫਲਿੱਪਕਾਰਟ ਦੇ ਉੱਚ ਅਧਿਕਾਰੀਆਂ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕਰ ਸਕਦੀ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਵਿਦੇਸ਼ੀ ਨਿਵੇਸ਼ ਨਿਯਮਾਂ ਦੀ ਉਲੰਘਣਾ ਦੇ ਦੋਸ਼ਾਂ ਦੀ ਸ਼ੁਰੂਆਤੀ ਜਾਂਚ ਪੂਰੀ ਹੋਣ ਤੋਂ ਬਾਅਦ ਦੋਵਾਂ ਕੰਪਨੀਆਂ ਦੇ ਸੀਨੀਅਰ ਅਧਿਕਾਰੀਆਂ ਨੂੰ ਬੁਲਾਏ ਜਾਣ ਦੀ ਸੰਭਾਵਨਾ ਵਧ ਗਈ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਈਡੀ ਦਾ ਇਹ ਕਦਮ ਵਿਦੇਸ਼ੀ ਨਿਵੇਸ਼ ਨਿਯਮਾਂ ਦੀ ਪਾਲਣਾ ਨਾ ਕਰਨ ਅਤੇ ਫੇਮਾ ਨਿਯਮਾਂ ਦੀ ਉਲੰਘਣਾ ਦੇ ਸ਼ੱਕ ਦੇ ਆਧਾਰ ‘ਤੇ ਚੁੱਕਿਆ ਗਿਆ ਹੈ। ਇਸ ਸਬੰਧੀ ਈਡੀ ਨੇ ਕਈ ਥਾਵਾਂ ‘ਤੇ ਤਲਾਸ਼ੀ ਮੁਹਿੰਮ ਚਲਾਈ ਹੈ, ਜਿਸ ਕਾਰਨ ਇਸ ਮਾਮਲੇ ‘ਤੇ ਸਖ਼ਤ ਕਾਰਵਾਈ ਦੀਆਂ ਸੰਭਾਵਨਾਵਾਂ ਮਜ਼ਬੂਤ ਹੋ ਗਈਆਂ ਹਨ।
ਰਿਪੋਰਟ ਮੁਤਾਬਕ ਇਹ ਗੱਲ ਦਿੱਲੀ, ਬੈਂਗਲੁਰੂ, ਮੁੰਬਈ, ਹੈਦਰਾਬਾਦ ਅਤੇ ਪੰਚਕੂਲਾ (ਹਰਿਆਣਾ) ‘ਚ ਐਮਾਜ਼ੋਨ ਅਤੇ ਫਲਿੱਪਕਾਰਟ ਦੇ ਵਿਕਰੇਤਾਵਾਂ ਨਾਲ ਜੁੜੇ 19 ਤੋਂ ਜ਼ਿਆਦਾ ਟਿਕਾਣਿਆਂ ‘ਤੇ ਈਡੀ ਵੱਲੋਂ ਕੀਤੀ ਗਈ ਤਲਾਸ਼ੀ ਮੁਹਿੰਮ ਤੋਂ ਬਾਅਦ ਸਾਹਮਣੇ ਆਈ ਹੈ। ਕੇਸ ਸਾਹਮਣੇ ਆਉਣ ਦੇ ਬਾਅਦ ਏਜੰਸੀ ਨੇ ਬੇਨਿਯਮੀਆਂ ਦੇ ਸਬੂਤ ਇਕੱਠੇ ਕਰਨ ਦੇ ਮਕਸਦ ਨਾਲ ਫੇਮਾ ਨਿਯਮਾਂ ਦੇ ਤਹਿਤ ਤਲਾਸ਼ੀ ਮੁਹਿੰਮ ਚਲਾਈ ਸੀ।
ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਈਡੀ ਨੇ ਜਾਂਚ ਕੀਤੀ ਹੈ। ਦੋਸ਼ ਲਗਾਇਆ ਗਿਆ ਸੀ ਕਿ ਐਮਾਜ਼ੋਨ ਅਤੇ ਫਲਿੱਪਕਾਰਟ ਸਿੱਧੇ ਜਾਂ ਅਸਿੱਧੇ ਤੌਰ ‘ਤੇ ਚੁਣੇ ਹੋਏ ਵਿਕਰੇਤਾਵਾਂ ਨੂੰ ਲਾਭ ਪਹੁੰਚਾ ਕੇ ਵਿਦੇਸ਼ੀ ਸਿੱਧੇ ਨਿਵੇਸ਼ (FDI) ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਦੋਵਾਂ ਕੰਪਨੀਆਂ ਦੇ ਖਿਲਾਫ ਸ਼ਿਕਾਇਤ ਕਰਨ ਵਾਲਿਆਂ ਦੀ ਦਲੀਲ ਹੈ ਕਿ ਇਸ ਤਰ੍ਹਾਂ ਉਹ ਈ-ਕਾਮਰਸ ਪਲੇਟਫਾਰਮ ‘ਤੇ ਦੂਜੇ ਵਿਕਰੇਤਾਵਾਂ ਨੂੰ ਬਰਾਬਰ ਦਾ ਮੈਦਾਨ ਨਹੀਂ ਦੇ ਰਹੇ ਹਨ, ਜੋ ਕਿ ਭਾਰਤ ਵਿੱਚ ਫੇਮਾ ਦੇ ਦਿਸ਼ਾ-ਨਿਰਦੇਸ਼ਾਂ ਦੇ ਉਲਟ ਹੈ।