ਨਵੀਂ ਦਿੱਲੀ, 18 ਅਗਸਤ 2022 – ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਾਫੀਆ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਵਿਰੁੱਧ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ ਵਿੱਚ ਵੀਰਵਾਰ ਨੂੰ ਉੱਤਰ ਪ੍ਰਦੇਸ਼ ਅਤੇ ਦਿੱਲੀ ਵਿੱਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਯੂਪੀ ਦੇ ਗਾਜ਼ੀਪੁਰ, ਲਖਨਊ ਅਤੇ ਦਿੱਲੀ ਵਿੱਚ ਸਥਿਤ ਉਨ੍ਹਾਂ ਟਿਕਾਣਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ ਜੋ ਅੰਸਾਰੀ ਅਤੇ ਉਸ ਦੇ ਕਥਿਤ ਸਾਥੀਆਂ ਨਾਲ ਜੁੜੇ ਹੋਏ ਹਨ।
ਈਡੀ ਵੱਲੋਂ ਗਾਜ਼ੀਪੁਰ ਵਿੱਚ ਮਾਰੇ ਗਏ ਛਾਪੇ ਵਿੱਚ ਮੁਖਤਾਰ ਦੇ ਭਰਾ ਅਫਜ਼ਲ ਅੰਸਾਰੀ ਸਮੇਤ ਉਸ ਦੇ ਕਰੀਬੀਆਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ। ਇਹ ਕਾਰਵਾਈ ਸ਼ੁਰੂ ਹੁੰਦੇ ਹੀ ਸ਼ਹਿਰ ਵਿੱਚ ਹੜਕੰਪ ਮੱਚ ਗਿਆ। ਮੁਖਤਾਰ ਦੇ ਕਰੀਬੀ ਦੋਸਤਾਂ ‘ਤੇ ਛਾਪੇ ਦੌਰਾਨ ਸੁਰੱਖਿਆ ਲਈ ਨੀਮ ਫੌਜੀ ਬਲਾਂ ਨੂੰ ਵੀ ਤਾਇਨਾਤ ਕੀਤਾ ਗਿਆ ਸੀ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਬਾਅਦ ਵਿੱਚ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ।
ਸੂਤਰਾਂ ਨੇ ਕਿਹਾ ਕਿ ਇਸ ਕਾਰਵਾਈ ਦਾ ਉਦੇਸ਼ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੀਆਂ ਅਪਰਾਧਿਕ ਧਾਰਾਵਾਂ ਤਹਿਤ ਅੰਸਾਰੀ ਖ਼ਿਲਾਫ਼ ਚੱਲ ਰਹੀ ਜਾਂਚ ਦੇ ਸਬੰਧ ਵਿੱਚ ਸਬੂਤ ਇਕੱਠੇ ਕਰਨਾ ਹੈ। ਪੰਜ ਵਾਰ ਵਿਧਾਇਕ ਰਹਿ ਚੁੱਕੇ ਅੰਸਾਰੀ ਇਸ ਸਮੇਂ ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ਵਿੱਚ ਬੰਦ ਹਨ।
ਦੱਸ ਦਈਏ ਕਿ ਮੁਖਤਾਰ ‘ਤੇ ਜ਼ਮੀਨ ਹੜੱਪਣ, ਕਤਲ ਅਤੇ ਫਿਰੌਤੀ ਦੇ ਦੋਸ਼ਾਂ ਸਮੇਤ ਘੱਟੋ-ਘੱਟ 49 ਅਪਰਾਧਿਕ ਮਾਮਲੇ ਦਰਜ ਹਨ। ਹੁਣ ਈਡੀ ਇਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਉਹ ਉੱਤਰ ਪ੍ਰਦੇਸ਼ ਵਿੱਚ ਕਤਲ ਦੀ ਕੋਸ਼ਿਸ਼ ਅਤੇ ਕਤਲ ਸਮੇਤ ਕਈ ਮਾਮਲਿਆਂ ਵਿੱਚ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ। ਪੁਲਿਸ ਦੇ ਅਨੁਸਾਰ, ਗਾਜ਼ੀਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਪਿਛਲੇ ਹਫ਼ਤੇ ਅੰਸਾਰੀ ਦੀ ਕਥਿਤ ਨਾਜਾਇਜ਼ ਕਮਾਈ ਦੀ ਵਰਤੋਂ ਕਰਕੇ ਖਰੀਦੇ ਗਏ 1.901 ਹੈਕਟੇਅਰ ਅਤੇ 6 ਕਰੋੜ ਰੁਪਏ ਤੋਂ ਵੱਧ ਦੇ ਦੋ ਪਲਾਟ ਜ਼ਬਤ ਕੀਤੇ ਸਨ।