- ਰਾਹੁਲ ਨਵੀਨ ਨਵੇਂ ਡਾਇਰੈਕਟਰ ਦੀ ਰਸਮੀ ਨਿਯੁਕਤੀ ਤੱਕ ਡਾਇਰੈਕਟਰ ਦੀਆਂ ਜ਼ਿੰਮੇਵਾਰੀਆਂ ਸੰਭਾਲਣਗੇ
- ਸੰਜੇ ਮਿਸ਼ਰਾ ਦਾ ਕਾਰਜਕਾਲ ਖਤਮ, ਜੁਲਾਈ ‘ਚ ਤੀਜੀ ਵਾਰ ਡਿਊਟੀ ‘ਚ ਕੀਤਾ ਗਿਆ ਸੀ ਵਾਧਾ
ਨਵੀਂ ਦਿੱਲੀ, 16 ਸਤੰਬਰ 2023 – ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਡਾਇਰੈਕਟਰ ਸੰਜੇ ਕੁਮਾਰ ਮਿਸ਼ਰਾ ਦਾ ਕਾਰਜਕਾਲ ਸ਼ੁੱਕਰਵਾਰ ਨੂੰ ਖਤਮ ਹੋ ਗਿਆ। ਉਨ੍ਹਾਂ ਦੀ ਥਾਂ ‘ਤੇ ਰਾਹੁਲ ਨਵੀਨ ਨੂੰ ਈਡੀ ਦਾ ਅੰਤਰਿਮ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਬਿਹਾਰ ਦੇ ਰਹਿਣ ਵਾਲੇ ਰਾਹੁਲ 1993 ਬੈਚ ਦੇ ਆਈਆਰਐਸ ਅਧਿਕਾਰੀ ਹਨ। ਉਹ ਈਡੀ ਹੈੱਡਕੁਆਰਟਰ ਦੇ ਚੀਫ ਵਿਜੀਲੈਂਸ ਅਫਸਰ ਅਤੇ ਸਪੈਸ਼ਲ ਡਾਇਰੈਕਟਰ ਹਨ।
ਉਹ ਨਵੇਂ ਡਾਇਰੈਕਟਰ ਦੀ ਰਸਮੀ ਨਿਯੁਕਤੀ ਤੱਕ ਡਾਇਰੈਕਟਰ ਦੀਆਂ ਜ਼ਿੰਮੇਵਾਰੀਆਂ ਸੰਭਾਲਣਗੇ। ਸੰਜੇ ਮਿਸ਼ਰਾ ਕਰੀਬ 4 ਸਾਲ 10 ਮਹੀਨੇ ਈਡੀ ਦੇ ਡਾਇਰੈਕਟਰ ਰਹੇ।
ਸੰਜੇ ਮਿਸ਼ਰਾ ਨੇ ਪਿਛਲੇ ਸਾਲ 18 ਨਵੰਬਰ ਨੂੰ ਸੇਵਾਮੁਕਤ ਹੋਣਾ ਸੀ। ਕੇਂਦਰ ਨੇ ਇਕ ਆਰਡੀਨੈਂਸ ਰਾਹੀਂ ਤੀਜੀ ਵਾਰ ਉਨ੍ਹਾਂ ਦਾ ਕਾਰਜਕਾਲ ਵਧਾਇਆ ਸੀ, ਜਦਕਿ ਅਦਾਲਤ ਨੇ ਪਹਿਲਾਂ ਹੀ ਕਿਹਾ ਸੀ ਕਿ ਸੰਜੇ ਮਿਸ਼ਰਾ ਦਾ ਕਾਰਜਕਾਲ ਦੂਜੀ ਵਾਰ ਨਾ ਵਧਾਇਆ ਜਾਵੇ। ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਮਿਸ਼ਰਾ 31 ਜੁਲਾਈ ਤੱਕ ਅਹੁਦੇ ‘ਤੇ ਸਨ। ਇਸ ਦੌਰਾਨ ਸਰਕਾਰ ਨੂੰ ਨਵਾਂ ਮੁਖੀ ਨਿਯੁਕਤ ਕਰਨਾ ਪਿਆ।
ਕੇਂਦਰ ਸਰਕਾਰ ਨੇ 26 ਜੁਲਾਈ ਨੂੰ ਸੰਜੇ ਕੁਮਾਰ ਮਿਸ਼ਰਾ ਦਾ ਕਾਰਜਕਾਲ ਵਧਾਉਣ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ। ਕੇਂਦਰ ਨੇ ਕਿਹਾ ਕਿ ਵਿੱਤੀ ਐਕਸ਼ਨ ਟਾਸਕ ਫੋਰਸ ਦੀ ਸਮੀਖਿਆ ਚੱਲ ਰਹੀ ਹੈ, ਇਸ ਲਈ ਸੰਜੇ ਨੂੰ 15 ਅਕਤੂਬਰ ਤੱਕ ਅਹੁਦੇ ‘ਤੇ ਬਣੇ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ।
ਸਰਕਾਰ ਨੇ ਸੁਪਰੀਮ ਕੋਰਟ ਨੂੰ ਦਲੀਲ ਦਿੱਤੀ ਸੀ ਕਿ ਸੰਜੇ ਮਿਸ਼ਰਾ ਦੀ ਥਾਂ ਲੈਣ ਲਈ ਅਜੇ ਤੱਕ ਕੋਈ ਹੋਰ ਅਧਿਕਾਰੀ ਨਹੀਂ ਮਿਲਿਆ ਹੈ। ਫਿਲਹਾਲ ਉਹ ਮਨੀ ਲਾਂਡਰਿੰਗ ਦੇ ਕਈ ਮਾਮਲਿਆਂ ਦੀ ਨਿਗਰਾਨੀ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ ਨਵੀਂ ਨਿਯੁਕਤੀ ਲਈ ਸਾਨੂੰ ਕੁਝ ਹੋਰ ਸਮਾਂ ਚਾਹੀਦਾ ਹੈ।