ਨਵੀਂ ਦਿੱਲੀ: 19 ਜੁਲਾਈ 2025 – ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਸੱਟੇਬਾਜ਼ੀ ਐਪਸ ਨਾਲ ਜੁੜੇ ਕਥਿਤ ਮਨੀ ਲਾਂਡਰਿੰਗ ਦੀ ਚੱਲ ਰਹੀ ਜਾਂਚ ਦੇ ਸਬੰਧ ਵਿੱਚ ਤਕਨੀਕੀ ਦਿੱਗਜਾਂ ਗੂਗਲ ਅਤੇ ਮੈਟਾ ਨੂੰ ਨੋਟਿਸ ਜਾਰੀ ਕੀਤੇ ਹਨ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਜਾਂਚ ਦੇ ਹਿੱਸੇ ਵਜੋਂ, ਈਡੀ ਨੇ ਦੋਵਾਂ ਕੰਪਨੀਆਂ ਦੇ ਪ੍ਰਤੀਨਿਧੀਆਂ ਨੂੰ 21 ਜੁਲਾਈ ਨੂੰ ਆਪਣੇ ਦਿੱਲੀ ਹੈੱਡਕੁਆਰਟਰ ਵਿੱਚ ਪੇਸ਼ ਹੋਣ ਲਈ ਤਲਬ ਕੀਤਾ ਹੈ। ਸੂਤਰਾਂ ਅਨੁਸਾਰ, “ਗੂਗਲ ਅਤੇ ਮੈਟਾ ਪਲੇਟਫਾਰਮ ਇਸ਼ਤਿਹਾਰਾਂ ਰਾਹੀਂ ਸੱਟੇਬਾਜ਼ੀ ਐਪਸ ਨੂੰ ਉਤਸ਼ਾਹਿਤ ਕਰ ਰਹੇ ਹਨ ਅਤੇ ਉਪਭੋਗਤਾਵਾਂ ਤੱਕ ਉਨ੍ਹਾਂ ਦੀ ਪਹੁੰਚ ਨੂੰ ਆਸਾਨ ਬਣਾ ਰਹੇ ਹਨ।”
ਏਜੰਸੀ ਇਨ੍ਹਾਂ ਗੈਰ-ਕਾਨੂੰਨੀ ਐਪਸ ਨੂੰ ਉਤਸ਼ਾਹਿਤ ਕਰਨ ਵਿੱਚ ਡਿਜੀਟਲ ਪਲੇਟਫਾਰਮਾਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ, ਜੋ ਕਿ ਮਨੀ ਲਾਂਡਰਿੰਗ ਰੋਕਥਾਮ ਐਕਟ (PMLA) ਦੀ ਸੰਭਾਵਿਤ ਉਲੰਘਣਾ ਲਈ ਜਾਂਚ ਅਧੀਨ ਹਨ। ਇਹ ਕਦਮ ਈਡੀ ਵੱਲੋਂ ਇੱਕ ਵੱਡੇ ਡੱਬਾ ਵਪਾਰ ਅਤੇ ਔਨਲਾਈਨ ਸੱਟੇਬਾਜ਼ੀ ਮਾਮਲੇ ਵਿੱਚ ਮੁੰਬਈ ਵਿੱਚ ਚਾਰ ਥਾਵਾਂ ਦੀ ਤਲਾਸ਼ੀ ਲੈਣ ਤੋਂ ਕੁਝ ਦਿਨ ਬਾਅਦ ਆਇਆ ਹੈ। ਜਿਸ ਵਿੱਚ 3.3 ਕਰੋੜ ਰੁਪਏ ਦੀ ਬੇਹਿਸਾਬੀ ਨਕਦੀ, ਲਗਜ਼ਰੀ ਘੜੀਆਂ, ਗਹਿਣੇ, ਵਿਦੇਸ਼ੀ ਕਰੰਸੀ ਅਤੇ ਲਗਜ਼ਰੀ ਵਾਹਨ ਜ਼ਬਤ ਕੀਤੇ ਗਏ ਸਨ। ਤਲਾਸ਼ੀ ਮੁਹਿੰਮ ਦੌਰਾਨ ਨਕਦੀ ਗਿਣਨ ਵਾਲੀਆਂ ਮਸ਼ੀਨਾਂ ਵੀ ਮਿਲੀਆਂ।
ਇਨਫੋਰਸਮੈਂਟ ਡਾਇਰੈਕਟੋਰੇਟ ਗੈਰ-ਕਾਨੂੰਨੀ ਵਪਾਰ ਅਤੇ ਸੱਟੇਬਾਜ਼ੀ ਪਲੇਟਫਾਰਮਾਂ ਵਿੱਚ ਸ਼ਾਮਲ ‘ਡੱਬਾ ਟ੍ਰੇਡਿੰਗ ਐਪਸ’ ਦੀਆਂ ਵਿੱਤੀ ਅਤੇ ਸੰਚਾਲਨ ਗਤੀਵਿਧੀਆਂ ਦੀ ਜਾਂਚ ਕਰ ਰਿਹਾ ਹੈ। ਈਡੀ ਦੇ ਅਨੁਸਾਰ, ਇਸ ਸਾਲ 9 ਜਨਵਰੀ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਦੇ ਲਾਸੁਡੀਆ ਪੁਲਿਸ ਸਟੇਸ਼ਨ ਵਿੱਚ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 319(2) ਅਤੇ 318(4) (ਪਹਿਲਾਂ ਆਈਪੀਸੀ ਦੀਆਂ ਧਾਰਾਵਾਂ 419 ਅਤੇ 420) ਦੇ ਤਹਿਤ ਦਰਜ ਕੀਤੀ ਗਈ ਐਫਆਈਆਰ ਦੇ ਆਧਾਰ ‘ਤੇ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) ਦੇ ਤਹਿਤ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਸੀ।

ਇਸ ਮਾਮਲੇ ‘ਚ ਈਡੀ ਨੇ ਹਾਲ ਹੀ ‘ਚ 29 ਲੋਕਾਂ ਵਿਰੁੱਧ ਕੇਸ ਦਰਜ ਕੀਤਾ ਹੈ, ਜਿਨ੍ਹਾਂ ‘ਚ ਕਈ ਫਿਲਮੀ ਸਿਤਾਰੇ ਅਤੇ ਸੋਸ਼ਲ ਮੀਡੀਆ ਪ੍ਰਭਾਵਕ ਵੀ ਸ਼ਾਮਲ ਹਨ। ਇਨ੍ਹਾਂ ਐੱਫਆਈਆਰਜ਼ ਵਿੱਚ ਪ੍ਰਕਾਸ਼ ਰਾਜ, ਰਾਣਾ ਦੱਗੂਬਾਤੀ ਅਤੇ ਵਿਜੇ ਦੇਵਰਕੋਂਡਾ ਵਰਗੇ ਨਾਮ ਦਰਜ ਹਨ। ਇਨ੍ਹਾਂ ਗੈਰ-ਕਾਨੂੰਨੀ ਐਪਸ ਨੂੰ ਪ੍ਰਮੋਟ ਕਰ ਕੇ ਵੱਡੀ ਰਕਮ ਕਮਾਉਣ ਦਾ ਦੋਸ਼ ਹੈ।
