ਨਵੀਂ ਦਿੱਲੀ, 1 ਅਗਸਤ 2025 – ਭਾਰਤ ਦੇ ਉਪ ਰਾਸ਼ਟਰਪਤੀ ਦੀ ਚੋਣ ਲਈ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤ ਦੇ ਉਪ ਰਾਸ਼ਟਰਪਤੀ ਦੀ ਚੋਣ 9 ਸਤੰਬਰ ਨੂੰ ਹੋਵੇਗੀ। ਉਪ ਰਾਸ਼ਟਰਪਤੀ ਦੇ ਅਹੁਦੇ ਲਈ ਨਾਮਜ਼ਦਗੀਆਂ 21 ਅਗਸਤ ਤੱਕ ਭਰੀਆਂ ਜਾਣਗੀਆਂ।
ਦੱਸ ਦਈਏ ਕਿ ਜਗਦੀਪ ਧਨਖੜ ਨੇ 21 ਜੁਲਾਈ ਦੀ ਰਾਤ ਨੂੰ ਅਚਾਨਕ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 22 ਜੁਲਾਈ ਨੂੰ ਧਨਖੜ ਦਾ ਅਸਤੀਫਾ ਸਵੀਕਾਰ ਕਰ ਲਿਆ। 74 ਸਾਲਾ ਧਨਖੜ ਦਾ ਕਾਰਜਕਾਲ 10 ਅਗਸਤ 2027 ਤੱਕ ਸੀ।
ਉਪ ਰਾਸ਼ਟਰਪਤੀ ਦੀ ਚੋਣ 6 ਪੜਾਵਾਂ ਵਿੱਚ ਕੀਤੀ ਜਾਂਦੀ ਹੈ…

ਇਲੈਕਟੋਰਲ ਕਾਲਜ ਦਾ ਗਠਨ
ਉਪ ਰਾਸ਼ਟਰਪਤੀ ਦੀ ਚੋਣ ਇਲੈਕਟੋਰਲ ਕਾਲਜ ਦੁਆਰਾ ਕੀਤੀ ਜਾਂਦੀ ਹੈ, ਜਿਸ ਵਿੱਚ ਲੋਕ ਸਭਾ ਅਤੇ ਰਾਜ ਸਭਾ ਦੇ ਸਾਰੇ ਚੁਣੇ ਹੋਏ ਅਤੇ ਨਾਮਜ਼ਦ ਮੈਂਬਰ ਸ਼ਾਮਲ ਹੁੰਦੇ ਹਨ।
ਚੋਣ ਦੀ ਨੋਟੀਫਿਕੇਸ਼ਨ ਜਾਰੀ ਕਰਨਾ
ਚੋਣ ਕਮਿਸ਼ਨ ਦੁਆਰਾ ਨੋਟੀਫਿਕੇਸ਼ਨ ਵਿੱਚ ਨਾਮਜ਼ਦਗੀ, ਵੋਟਿੰਗ ਅਤੇ ਨਤੀਜੇ ਦੀਆਂ ਤਰੀਕਾਂ ਸ਼ਾਮਲ ਹਨ।
ਨਾਮਜ਼ਦਗੀ ਪ੍ਰਕਿਰਿਆ
ਉਮੀਦਵਾਰ ਨੂੰ ਨਾਮਜ਼ਦਗੀ ਪੱਤਰ ਘੱਟੋ-ਘੱਟ 20 ਸੰਸਦ ਮੈਂਬਰਾਂ ਦੇ ਪ੍ਰਸਤਾਵਕਾਂ ਵਜੋਂ ਅਤੇ 20 ਸੰਸਦ ਮੈਂਬਰਾਂ ਦੇ ਸਮਰਥਕਾਂ ਵਜੋਂ ਦਸਤਖ਼ਤਾਂ ਨਾਲ ਦਾਇਰ ਕਰਨੇ ਪੈਂਦੇ ਹਨ।
ਪ੍ਰਚਾਰ ਸੰਸਦ ਮੈਂਬਰਾਂ ਵਿਚਕਾਰ ਹੁੰਦਾ ਹੈ
ਸਿਰਫ਼ ਸੰਸਦ ਮੈਂਬਰ ਵੋਟਰ ਹੁੰਦੇ ਹਨ। ਇਸ ਲਈ ਇਹ ਪ੍ਰਚਾਰ ਸੀਮਤ ਖੇਤਰ ਵਿੱਚ ਹੁੰਦਾ ਹੈ। ਉਮੀਦਵਾਰ ਅਤੇ ਉਨ੍ਹਾਂ ਦੀਆਂ ਸਹਾਇਕ ਪਾਰਟੀਆਂ ਮੁਹਿੰਮ ਵਿੱਚ ਹਿੱਸਾ ਲੈਂਦੀਆਂ ਹਨ।
ਵੋਟਿੰਗ ਪ੍ਰਕਿਰਿਆ ਸ਼ੁਰੂ ਹੁੰਦੀ ਹੈ
ਹਰੇਕ ਸੰਸਦ ਮੈਂਬਰ ਉਮੀਦਵਾਰਾਂ ਨੂੰ ਬੈਲਟ ਪੇਪਰ ‘ਤੇ ਤਰਜੀਹ ਦੇ ਕ੍ਰਮ (1, 2, 3…) ਅਨੁਸਾਰ ਚਿੰਨ੍ਹਿਤ ਕਰਦਾ ਹੈ।
ਵੋਟਾਂ ਦੀ ਗਿਣਤੀ ਅਤੇ ਨਤੀਜਾ
ਜਿੱਤਣ ਲਈ, ਕੁੱਲ ਵੈਧ ਵੋਟਾਂ ਦਾ ਇੱਕ ਸਧਾਰਨ ਬਹੁਮਤ (50% ਤੋਂ ਵੱਧ) ਪ੍ਰਾਪਤ ਕਰਨਾ ਹੁੰਦਾ ਹੈ। ਰਿਟਰਨਿੰਗ ਅਫਸਰ ਨਤੀਜਾ ਘੋਸ਼ਿਤ ਕਰਦਾ ਹੈ।
