ਨਵੀਂ ਦਿੱਲੀ, 21 ਜੂਨ 2023 – ਪੀਐਮ ਮੋਦੀ ਨੇ ਆਪਣੀ ਚਾਰ ਦਿਨਾਂ ਅਮਰੀਕਾ ਯਾਤਰਾ ਦੌਰਾਨ ਬੁੱਧਵਾਰ ਨੂੰ ਟੇਸਲਾ ਦੇ ਸੀਈਓ ਐਲੋਨ ਮਸਕ ਨਾਲ ਮੁਲਾਕਾਤ ਕੀਤੀ। ਪੀਐਮ ਮੋਦੀ ਨੇ ਐਲੋਨ ਮਸਕ ਨੂੰ ਮਿਲਣ ਤੋਂ ਪਹਿਲਾਂ ਮਸ਼ਹੂਰ ਪ੍ਰੋਫੈਸਰ ਨਸੀਮ ਤਾਲੇਬ ਅਤੇ ਪ੍ਰੋਫੈਸਰ ਰੌਬਰਟ ਥੁਰਮਨ ਨਾਲ ਵੀ ਮੁਲਾਕਾਤ ਕੀਤੀ। ਪੀਐਮ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਟੇਸਲਾ ਦੇ ਸੀਈਓ ਐਲੋਨ ਮਸਕ ਨੇ ਇਸ ਨੂੰ ਸ਼ਾਨਦਾਰ ਮੁਲਾਕਾਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਨਾਲ ਮੇਰੀ ਗੱਲਬਾਤ ਬਹੁਤ ਵਧੀਆ ਰਹੀ। ਉਨ੍ਹਾਂ ਅੱਗੇ ਕਿਹਾ ਕਿ ਉਹ ਅਗਲੇ ਸਾਲ ਭਾਰਤ ਆਉਣ ਬਾਰੇ ਸੋਚ ਰਹੇ ਹਨ। ਐਲੋਨ ਮਸਕ ਨੇ ਅੱਗੇ ਕਿਹਾ ਕਿ ਮੈਂ ਪੀਐਮ ਮੋਦੀ ਦਾ ਫ਼ੈਨ ਹਾਂ।
ਪ੍ਰਧਾਨ ਮੰਤਰੀ ਮੋਦੀ ਨੇ ਇਸ ਤੋਂ ਪਹਿਲਾਂ 2015 ਵਿੱਚ ਕੈਲੀਫੋਰਨੀਆ ਵਿੱਚ ਟੇਸਲਾ ਮੋਟਰਜ਼ ਫੈਕਟਰੀ ਦੇ ਦੌਰੇ ਦੌਰਾਨ ਮਸਕ ਨਾਲ ਮੁਲਾਕਾਤ ਕੀਤੀ ਸੀ। ਮਸਕ ਉਸ ਸਮੇਂ ਟਵਿੱਟਰ ਦੇ ਮਾਲਕ ਨਹੀਂ ਸਨ। ਬੁੱਧਵਾਰ ਨੂੰ ਮਸਕ ਨਾਲ ਪ੍ਰਧਾਨ ਮੰਤਰੀ ਦੀ ਮੁਲਾਕਾਤ ਅਜਿਹੇ ਸਮੇਂ ‘ਚ ਹੋਈ ਹੈ ਜਦੋਂ ਟੇਸਲਾ ਭਾਰਤ ‘ਚ ਆਪਣੀ ਫੈਕਟਰੀ ਲਈ ਜਗ੍ਹਾ ਲੱਭ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਦੌਰੇ ‘ਤੇ ਨਿਊਯਾਰਕ ਪਹੁੰਚ ਚੁੱਕੇ ਹਨ। ਪੀਐਮ ਦੀ ਇਸ ਫੇਰੀ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਨਰਿੰਦਰ ਮੋਦੀ ਦੇ ਸਵਾਗਤ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ। ਲੋਕਾਂ ਨੇ ਪ੍ਰਧਾਨ ਮੰਤਰੀ ਦਾ ਸਵਾਗਤ ਕਰਨ ਲਈ ਮੋਦੀ-ਮੋਦੀ ਦੇ ਨਾਅਰੇ ਲਾਏ। ਪੀਐਮ ਮੋਦੀ ਦੇ ਸਵਾਗਤ ਲਈ ਭਾਰਤੀ ਭਾਈਚਾਰੇ ਦੇ ਕੁਝ ਮੈਂਬਰ ਵੀ ਹੋਟਲ ਦੇ ਬਾਹਰ ਖੜ੍ਹੇ ਦਿਖਾਈ ਦਿੱਤੇ। ਸ਼ਹਿਰ ਵਿੱਚ ਥਾਂ-ਥਾਂ ਲੋਕ ਇਕੱਠੇ ਹੋ ਰਹੇ ਹਨ।