- ਜੰਮੂ ‘ਚ 24 ਘੰਟਿਆਂ ‘ਚ ਹੋਇਆ ਇਹ ਦੂਜਾ ਹਮਲਾ
ਜੰਮੂ, 23 ਜੁਲਾਈ 2024 – ਜੰਮੂ-ਕਸ਼ਮੀਰ ਦੇ ਜੰਮੂ ਖੇਤਰ ਦੇ ਬਟਾਲ ਸੈਕਟਰ ‘ਚ ਮੰਗਲਵਾਰ (23 ਜੁਲਾਈ) ਤੜਕੇ ਕਰੀਬ 3 ਵਜੇ ਫੌਜ ਅਤੇ ਅੱਤਵਾਦੀਆਂ ਵਿਚਾਲੇ ਗੋਲੀਬਾਰੀ ਹੋਈ। ਇਸ ‘ਚ ਫੌਜ ਦਾ ਇਕ ਜਵਾਨ ਜ਼ਖਮੀ ਹੋ ਗਿਆ ਹੈ। ਫੌਜ ਦੀ ਤਰਫੋਂ ਐਕਸ ‘ਤੇ ਦੱਸਿਆ ਗਿਆ ਕਿ ਫੌਜ ਨੇ ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਅੱਤਵਾਦੀਆਂ ਦੀ ਭਾਲ ਲਈ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਜੰਮੂ ਖੇਤਰ ‘ਚ ਤੜਕੇ 3 ਵਜੇ ਮੁਕਾਬਲਾ ਹੋਇਆ ਸੀ। ਰਾਜੌਰੀ ਦੇ ਘੋਂਡਾ ‘ਚ ਸ਼ੌਰਿਆ ਚੱਕਰ ਜੇਤੂ ਪਰਸ਼ੋਤਮ ਕੁਮਾਰ ਦੇ ਘਰ ‘ਤੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਹਮਲੇ ਦੀ ਖਬਰ ਮਿਲਦੇ ਹੀ 63 ਆਰ ਆਰ ਆਰਮੀ ਕੈਂਪ ਦੇ ਜਵਾਨਾਂ ਨੇ ਜਵਾਬੀ ਕਾਰਵਾਈ ਕਰਦੇ ਹੋਏ ਇਕ ਅੱਤਵਾਦੀ ਨੂੰ ਮਾਰ ਦਿੱਤਾ। ਹਮਲੇ ਵਿੱਚ ਇੱਕ ਸਿਪਾਹੀ ਅਤੇ ਪਰਸ਼ੋਤਮ ਕੁਮਾਰ ਦਾ ਚਾਚਾ ਜ਼ਖ਼ਮੀ ਹੋ ਗਿਆ। ਰਾਜੌਰੀ ‘ਚ ਅੱਜ ਦੂਜੇ ਦਿਨ ਵੀ ਤਲਾਸ਼ੀ ਮੁਹਿੰਮ ਜਾਰੀ ਹੈ।