ਓਡੀਸ਼ਾ, 3 ਜੂਨ 2023 – ਓਡੀਸ਼ਾ ਦੇ ਬਾਲਾਸੋਰ ‘ਚ ਬਹਾਨਾਗਾ ਬਾਜ਼ਾਰ ਸਟੇਸ਼ਨ ਨੇੜੇ ਤਿੰਨ ਟਰੇਨਾਂ ਆਪਸ ‘ਚ ਟਕਰਾ ਗਈਆਂ। ਇਸ ਰੇਲ ਹਾਦਸੇ ਵਿਚ ਇਕ ਤੋਂ ਬਾਅਦ ਇਕ ਰੇਲ ਗੱਡੀ ਪਟੜੀ ਤੋਂ ਉਤਰ ਕੇ ਦੂਜੇ ਟ੍ਰੈਕ ‘ਤੇ ਚੜ੍ਹ ਗਈ ਅਤੇ ਹੋਰ ਰੇਲ ਗੱਡੀਆਂ ਵੀ ਇਸ ਦੀ ਲਪੇਟ ਵਿਚ ਆ ਗਈਆਂ।
ਇਸ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ 280 ਹੋ ਗਈ ਹੈ ਅਤੇ 900 ਲੋਕ ਜ਼ਖਮੀ ਹਨ। ਮੌਕੇ ‘ਤੇ ਵੱਡੇ ਪੱਧਰ ‘ਤੇ ਬਚਾਅ ਅਤੇ ਰਾਹਤ ਕਾਰਜ ਚੱਲ ਰਿਹਾ ਹੈ। ਫੌਜ ਵੀ ਬਚਾਅ ਕੰਮ ‘ਚ ਲੱਗੀ ਹੋਈ ਹੈ। ਹਵਾਈ ਸੈਨਾ ਦੇ ਹੈਲੀਕਾਪਟਰ ਵੀ ਮੌਕੇ ‘ਤੇ ਮੌਜੂਦ ਹਨ ਅਤੇ 50 ਤੋਂ ਵੱਧ ਐਂਬੂਲੈਂਸਾਂ ਤਾਇਨਾਤ ਹਨ।
ਸ਼ਨੀਵਾਰ ਸਵੇਰੇ ਜਦੋਂ ਛਾਇਆ ਹਨੇਰਾ ਦੂਰ ਹੋਇਆ ਤਾਂ ਇਸ ਹਾਦਸੇ ਦੀ ਤਸਵੀਰ ਹੋਰ ਵੀ ਸਪੱਸ਼ਟ ਹੋ ਗਈ ਅਤੇ ਹਾਦਸੇ ਦੀਆਂ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। NDRF ਨੂੰ ਬੋਗੀਆਂ ਵਿਚਕਾਰ ਫਸੀਆਂ ਲਾਸ਼ਾਂ ਨੂੰ ਕੱਢਣ ਲਈ ਗੈਸ ਕਟਰ ਦੀ ਵਰਤੋਂ ਕਰਨੀ ਪਈ। ਹੁਣ ਵੀ ਕਈ ਜ਼ਖਮੀ ਹਨ ਜੋ ਟੁੱਟੀਆਂ ਬੋਗੀਆਂ ਵਿੱਚ ਫਸੇ ਹੋਏ ਹਨ।
ਹਾਦਸਾ ਅਜਿਹਾ ਸੀ ਕਿ ਇਕਦਮ ਕੁਝ ਸਮਝ ਨਹੀਂ ਆ ਰਿਹਾ ਸੀ। ਪਹਿਲਾਂ ਕੋਰੋਮੰਡਲ ਐਕਸਪ੍ਰੈਸ ਅਤੇ ਮਾਲ ਗੱਡੀ ਦੀ ਟੱਕਰ ਦੀ ਖਬਰ ਆਈ, ਇਸ ਤੋਂ ਬਾਅਦ ਹਾਵੜਾ ਐਕਸਪ੍ਰੈਸ ਦੀ ਟੱਕਰ ਦਾ ਮਾਮਲਾ ਵੀ ਸਾਹਮਣੇ ਆਇਆ।
ਫਿਰ ਇਹ ਸਪੱਸ਼ਟ ਹੋ ਗਿਆ ਕਿ ਪਹਿਲਾਂ ਰੇਲਗੱਡੀ ਨੰਬਰ 12864 ਬੈਂਗਲੁਰੂ-ਹਾਵੜਾ ਸੁਪਰਫਾਸਟ ਐਕਸਪ੍ਰੈਸ ਦੇ ਕਈ ਡੱਬੇ ਪਟੜੀ ਤੋਂ ਉਤਰ ਗਏ ਅਤੇ ਦੂਜੇ ਪਟੜੀ ‘ਤੇ ਡਿੱਗ ਗਏ। ਇਹ ਡੱਬੇ ਰੇਲਗੱਡੀ ਨੰਬਰ 12841 ਸ਼ਾਲੀਮਾਰ-ਚੇਨਈ ਕੋਰੋਮੰਡਲ ਐਕਸਪ੍ਰੈਸ ਨਾਲ ਟਕਰਾ ਗਏ ਅਤੇ ਇਸ ਦੇ ਡੱਬੇ ਵੀ ਪਲਟ ਗਏ। ਫਿਰ ਕੋਰੋਮੰਡਲ ਐਕਸਪ੍ਰੈਸ ਦੇ ਡੱਬੇ ਪਟੜੀ ਤੋਂ ਉਤਰ ਕੇ ਮਾਲ ਗੱਡੀ ਨਾਲ ਟਕਰਾ ਗਏ, ਜਿਸ ਕਾਰਨ ਮਾਲ ਗੱਡੀ ਵੀ ਹਾਦਸੇ ਦਾ ਸ਼ਿਕਾਰ ਹੋ ਗਈ।
ਰੇਲਗੱਡੀ ਨੰਬਰ 12841 (ਕੋਰੋਮੰਡਲ ਐਕਸਪ੍ਰੈਸ) ਦੇ ਕੋਚ ਬੀ2 ਤੋਂ ਬੀ9 ਤੱਕ ਡੱਬੇ ਪਲਟ ਗਏ। ਇਸ ਦੇ ਨਾਲ ਹੀ A1-A2 ਕੋਚ ਵੀ ਟ੍ਰੈਕ ‘ਤੇ ਪਲਟ ਗਏ। ਜਦੋਂ ਕਿ ਕੋਚ ਬੀ1 ਦੇ ਨਾਲ-ਨਾਲ ਇੰਜਣ ਪਟੜੀ ਤੋਂ ਉਤਰ ਗਿਆ ਅਤੇ ਕੋਚ ਐਚ1 ਅਤੇ ਜੀਐਸ ਕੋਚ ਪਟੜੀ ‘ਤੇ ਹੀ ਰਹੇ।
ਹਾਦਸੇ ਵਿੱਚ ਮਾਰੇ ਗਏ ਲੋਕਾਂ ਲਈ ਦਸ ਲੱਖ ਦੇ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ ਅਤੇ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚੋਂ ਵੀ ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ।