ਮਹਾਰਾਸ਼ਟਰ, 25 ਫਰਵਰੀ 2023 – ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ ਦਾ ਇੱਕ ਕਿਸਾਨ ਪਿਆਜ਼ ਵੇਚਣ ਲਈ 70 ਕਿਲੋਮੀਟਰ ਦੂਰ ਗਿਆ ਸੀ, ਪਰ ਉਸ ਦਾ 512 ਕਿਲੋ ਪਿਆਜ਼ ਮਹਿਜ਼ 1 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦਿਆ ਗਿਆ। ਇਸ ਤਰ੍ਹਾਂ ਕਿਸਾਨ ਨੂੰ ਉਸ ਦੀ ਫਸਲ ਦੇ 512 ਰੁਪਏ ਮਿਲੇ, ਜਿਸ ਵਿਚ ਉਸ ਨੂੰ ਫਸਲ ਨੂੰ ਮੰਡੀ ਤੱਕ ਪਹੁੰਚਾਉਣ ਦਾ ਖਰਚਾ ਕੱਟ ਕੇ 2 ਰੁਪਏ ਦਾ ਚੈੱਕ ਦਿੱਤਾ ਗਿਆ। ਵਪਾਰੀ ਦਾ ਕਹਿਣਾ ਹੈ ਕਿ ਕਿਸਾਨ ਦੇ ਪਿਆਜ਼ ਦੀ ਗੁਣਵੱਤਾ ਖਰਾਬ ਸੀ।
ਇਹ ਕਿਸਾਨ ਦੀ ਫਸਲ ਦਾ ਬਿੱਲ ਹੈ। ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸਾਨ ਦੀ ਫਸਲ 1 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦੀ ਗਈ। ਜਦੋਂਕਿ ਕਿਰਾਇਆ ਕੱਟ ਕੇ ਉਸ ਨੂੰ 2.49 ਰੁਪਏ ਅਦਾ ਕੀਤੇ ਗਏ।
ਸੋਲਾਪੁਰ ਜ਼ਿਲੇ ਦੇ ਬਾਰਸ਼ੀ ਤਾਲੁਕਾ ਦੇ ਬੋਰਗਾਂਵ ਦਾ ਰਹਿਣ ਵਾਲਾ ਰਾਜੇਂਦਰ ਤੁਕਾਰਾਮ ਚਵਾਨ (58) ਪਿਆਜ਼ ਦੀ ਖੇਤੀ ਕਰਦਾ ਹੈ। 17 ਫਰਵਰੀ ਨੂੰ ਉਹ ਫਸਲ ਦੀ ਚੰਗੀ ਕੀਮਤ ਮਿਲਣ ਦੀ ਉਮੀਦ ਵਿੱਚ 512 ਕਿਲੋ ਪਿਆਜ਼ ਲੈ ਕੇ ਕਿਸਾਨ ਦੇ ਘਰ ਤੋਂ 70 ਕਿਲੋਮੀਟਰ ਦੂਰ ਸੋਲਾਪੁਰ ਮੰਡੀ ਵਿੱਚ ਪਹੁੰਚਿਆ ਸੀ।
ਪਰ ਇੱਥੇ ਏਪੀਐਮਸੀ (ਖੇਤੀਬਾੜੀ ਉਤਪਾਦ ਮਾਰਕੀਟ ਕਮੇਟੀ) ਦੇ ਵਪਾਰੀਆਂ ਨੇ ਉਸ ਦੀ ਫ਼ਸਲ ਨੂੰ ਘਟੀਆ ਗੁਣਵੱਤਾ ਵਾਲੀ ਦੱਸਿਆ ਹੈ। ਕਾਫੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਜਦੋਂ ਰਾਜਿੰਦਰ ਤੁਕਾਰਾਮ ਨੂੰ ਫਸਲ ਦਾ ਸਹੀ ਭਾਅ ਨਾ ਮਿਲਿਆ ਤਾਂ ਆਖਿਰਕਾਰ ਉਸ ਨੇ ਫਸਲ 1 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚ ਦਿੱਤੀ।
ਰਾਜਿੰਦਰ ਤੁਕਾਰਮ ਨੇ ਦੱਸਿਆ ਕਿ ਮੈਨੂੰ ਫਸਲ ਦੇ ਬਦਲੇ 512 ਰੁਪਏ ਮਿਲੇ ਸਨ, ਜਿਸ ਵਿੱਚੋਂ 509.50 ਰੁਪਏ ਕਿਰਾਇਆ ਅਤੇ ਫਸਲ ਨੂੰ ਮੰਡੀ ਤੱਕ ਪਹੁੰਚਾਉਣ ਲਈ ਲੱਦਣ ਲਈ ਕੱਟੇ ਗਏ ਸਨ। ਇਸ ਤੋਂ ਬਾਅਦ 2.49 ਰੁਪਏ ਰਹਿ ਗਏ ਤਾਂ ਵਪਾਰੀ ਨੇ 2 ਰੁਪਏ ਦਾ ਚੈੱਕ ਰਾਜਿੰਦਰ ਨੂੰ ਸੌਂਪ ਦਿੱਤਾ। ਹੁਣ ਇਸ ਨਾਲ ਸਬੰਧਤ ਵੀਡੀਓ ਅਤੇ ਚੈੱਕ ਦੀ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਰਾਜਿੰਦਰ ਦਾ ਕਹਿਣਾ ਹੈ ਕਿ ਪਿਛਲੇ ਸਾਲ ਉਸ ਨੂੰ ਪਿਆਜ਼ ਦੀ ਕੀਮਤ 20 ਰੁਪਏ ਪ੍ਰਤੀ ਕਿਲੋ ਮਿਲੀ ਸੀ। ਬੀਜਾਂ, ਖਾਦਾਂ ਅਤੇ ਕੀਟਨਾਸ਼ਕਾਂ ਦੀ ਕੀਮਤ ਪਿਛਲੇ 3-4 ਸਾਲਾਂ ਵਿੱਚ ਦੁੱਗਣੀ ਹੋ ਗਈ ਹੈ। ਇਸ ਵਾਰ ਸਿਰਫ 500 ਕਿਲੋ ਪਿਆਜ਼ ਉਗਾਉਣ ਲਈ 40 ਹਜ਼ਾਰ ਰੁਪਏ ਖਰਚ ਕੀਤੇ ਗਏ।
ਕਿਸਾਨ ਤੋਂ ਪਿਆਜ਼ ਖਰੀਦਣ ਵਾਲੇ ਸੋਲਾਪੁਰ APMC ਵਪਾਰੀ ਨਾਸਿਰ ਖਲੀਫਾ ਨੇ ਦੱਸਿਆ ਕਿ ਰਾਜੇਂਦਰ ਦੇ ਪਿਆਜ਼ ਦੀ ਗੁਣਵੱਤਾ ਖਰਾਬ ਸੀ। ਇਸ ਤੋਂ ਪਹਿਲਾਂ ਉਹ ਦੋ ਖੇਪਾਂ ਵਿੱਚ ਚੰਗੀ ਕੁਆਲਿਟੀ ਦਾ ਪਿਆਜ਼ ਲੈ ਕੇ ਆਇਆ ਸੀ, ਇਸ ਲਈ ਅਸੀਂ ਉਸ ਨੂੰ ਇੱਕ ਵਾਰ 18 ਰੁਪਏ ਪ੍ਰਤੀ ਕਿਲੋ ਅਤੇ ਦੂਜੀ ਵਾਰ 14 ਰੁਪਏ ਦਿੱਤੇ ਸਨ।