ਨਵੀਂ ਦਿੱਲੀ, 28 ਸਤੰਬਰ 2024 – ਦਿੱਲੀ ਦੇ ਵਸੰਤ ਕੁੰਜ ਦੇ ਪਿੰਡ ਰੰਗਪੁਰੀ ਵਿੱਚ ਇੱਕੋ ਪਰਿਵਾਰ ਦੇ 5 ਲੋਕਾਂ ਨੇ ਖੁਦਕੁਸ਼ੀ ਕਰ ਲਈ। ਮਰਨ ਵਾਲਿਆਂ ਵਿੱਚ ਪਿਤਾ ਅਤੇ ਚਾਰ ਧੀਆਂ ਸ਼ਾਮਲ ਹਨ। ਸਾਰਿਆਂ ਦੀਆਂ ਲਾਸ਼ਾਂ ਸੜੀਆਂ ਹੋਈਆਂ ਸਨ। ਕਮਰੇ ਵਿੱਚੋਂ ਬਦਬੂ ਆ ਰਹੀ ਸੀ। ਪੁਲਸ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ 10:18 ਵਜੇ ਗੁਆਂਢੀਆਂ ਤੋਂ ਸੂਚਨਾ ਮਿਲੀ। ਉਨ੍ਹਾਂ ਮੌਕੇ ‘ਤੇ ਪਹੁੰਚ ਕੇ ਫਲੈਟ ਦਾ ਦਰਵਾਜ਼ਾ ਤੋੜ ਕੇ ਲਾਸ਼ਾਂ ਨੂੰ ਬਾਹਰ ਕੱਢਿਆ।
ਪੁਲਸ ਦਾ ਕਹਿਣਾ ਹੈ ਕਿ ਸਾਰਿਆਂ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕੀਤੀ ਹੈ। ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਪਰਿਵਾਰ ਨੇ ਆਪਣੀਆਂ ਧੀਆਂ ਦੇ ਅਪਾਹਜ ਹੋਣ ਕਾਰਨ ਖੁਦਕੁਸ਼ੀ ਕੀਤੀ ਹੈ।
ਮ੍ਰਿਤਕਾਂ ਦੀ ਪਛਾਣ 50 ਸਾਲਾ ਹੀਰਾਲਾਲ ਅਤੇ ਉਸ ਦੀਆਂ ਚਾਰ ਧੀਆਂ ਨੀਤੂ (18), ਨਿਸ਼ੀ (15), ਨੀਰੂ (10) ਅਤੇ ਨਿਧੀ (8) ਵਜੋਂ ਹੋਈ ਹੈ। ਪਰਿਵਾਰ ਮਸ਼ਰਖ, ਛਪਰਾ, ਬਿਹਾਰ ਦਾ ਰਹਿਣ ਵਾਲਾ ਹੈ।
ਚਾਰੋਂ ਲੜਕੀਆਂ ਅਪਾਹਜ ਸਨ ਅਤੇ ਚੱਲਣ-ਫਿਰਨ ਤੋਂ ਅਸਮਰੱਥ ਸਨ। ਹੀਰਾਲਾਲ ਦੀ ਪਤਨੀ ਦੀ ਕੈਂਸਰ ਨਾਲ ਮੌਤ ਹੋ ਚੁੱਕੀ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਹੀਰਾਲਾਲ ਆਪਣੇ ਪਰਿਵਾਰ ਨਾਲ ਰੰਗਪੁਰੀ ਪਿੰਡ ‘ਚ ਕਿਰਾਏ ਦੇ ਮਕਾਨ ‘ਚ ਰਹਿੰਦਾ ਸੀ।
ਹੀਰਾਲਾਲ ਵਸੰਤ ਕੁੰਜ ਸਥਿਤ ਇੱਕ ਹਸਪਤਾਲ ਵਿੱਚ ਤਰਖਾਣ ਦਾ ਕੰਮ ਕਰਦਾ ਸੀ। ਪੁਲਸ ਮੁਤਾਬਕ ਸ਼ੁੱਕਰਵਾਰ ਨੂੰ ਹੀਰਾਲਾਲ ਦੇ ਫਲੈਟ ‘ਚੋਂ ਬਦਬੂ ਆਉਣ ਲੱਗੀ। ਇਸ ‘ਤੇ ਸੜਕ ਦੇ ਦੂਜੇ ਪਾਸੇ ਸਥਿਤ ਮਕਾਨ ‘ਚ ਰਹਿਣ ਵਾਲੇ ਵਿਅਕਤੀ ਨੇ ਪੁਲਸ ਨੂੰ ਫੋਨ ਕਰਕੇ ਇਸ ਦੀ ਸੂਚਨਾ ਦਿੱਤੀ।