ਚੰਡੀਗੜ੍ਹ, 20 ਦਸੰਬਰ 2024 – ਸੰਸਦ ਕੰਪਲੈਕਸ ਵਿੱਚ ਧੱਕਾ ਮੁੱਕੀ ਕਰਨ ਦੇ ਮਾਮਲੇ ਵਿੱਚ ਰਾਹੁਲ ਗਾਂਧੀ ਖਿਲਾਫ ਦਿੱਲੀ ਪੁਲਸ ਨੇ FIR ਦਰਜ ਕੀਤੀ ਹੈ। ਉਨ੍ਹਾਂ ਖਿਲਾਫ BNS ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਭਾਜਪਾ ਦੀ ਸ਼ਿਕਾਇਤ ਦੇ ਆਧਾਰ ‘ਤੇ ਇਹ ਕਾਰਵਾਈ ਕੀਤੀ ਗਈ ਹੈ। ਭਾਜਪਾ ਦਾ ਇਲਜ਼ਾਮ ਹੈ ਕਿ ਰਾਹੁਲ ਗਾਂਧੀ ਵੱਲੋਂ ਕੀਤੀ ਗਈ ਧੱਕਾ ਮੁੱਕੀ ਵਿੱਚ ਉਨ੍ਹਾਂ ਦੇ ਦੋ ਸੰਸਦ ਮੈਂਬਰ ਜ਼ਖ਼ਮੀ ਹੋ ਗਏ, ਜੋ ਆਰ.ਐਮ.ਐਲ. ਹਸਪਤਾਲ ਵਿੱਚ ਦਾਖ਼ਲ ਹਨ।
ਭਾਜਪਾ ਦੀ ਅਨੁਸੂਚਿਤ ਜਨਜਾਤੀ ਮਹਿਲਾ ਸੰਸਦ ਮੈਂਬਰ ਨੇ ਰਾਹੁਲ ਦੇ ਅਸ਼ਲੀਲ ਵਿਵਹਾਰ ਦੀ ਸ਼ਿਕਾਇਤ ਰਾਜ ਸਭਾ ਦੇ ਚੇਅਰਮੈਨ ਕੋਲ ਕੀਤੀ ਹੈ। ਭਾਜਪਾ ਅਤੇ ਕਾਂਗਰਸ ਦੋਵਾਂ ਨੇ ਇਕ ਦੂਜੇ ਦੇ ਸੰਸਦ ਮੈਂਬਰਾਂ ਖਿਲਾਫ ਥਾਣੇ ਵਿਚ ਸ਼ਿਕਾਇਤਾਂ ਦਰਜ ਕਰਵਾਈਆਂ ਸਨ। ਭਾਜਪਾ ਨੇ ਰਾਹੁਲ ਗਾਂਧੀ ਵਿਰੁੱਧ ਹੱਤਿਆ ਦੀ ਕੋਸ਼ਿਸ਼ ਤੋਂ ਲੈ ਕੇ ਭਾਰਤੀ ਨਿਆਂ ਸੰਹਿਤਾ ਦੀਆਂ 6 ਹੋਰ ਗੰਭੀਰ ਧਾਰਾਵਾਂ ਦੇ ਤਹਿਤ ਸ਼ਿਕਾਇਤ ਦਰਜ ਕਰਵਾਈ ਸੀ।
ਭਾਜਪਾ ਦੇ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਕਿਹਾ, ”ਅਸੀਂ ਰਾਹੁਲ ਗਾਂਧੀ ਖਿਲਾਫ ਦਿੱਲੀ ਪੁਲਸ ‘ਚ ਕੁੱਟਮਾਰ ਅਤੇ ਉਕਸਾਉਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਅਸੀਂ ਅੱਜ ਮਕਰ ਦੁਆਰ ਦੇ ਬਾਹਰ ਵਾਪਰੀ ਘਟਨਾ ਦਾ ਵਿਸਥਾਰ ਵਿੱਚ ਜ਼ਿਕਰ ਕੀਤਾ ਹੈ, ਜਿੱਥੇ ਐਨ.ਡੀ.ਏ. ਦੇ ਸੰਸਦ ਮੈਂਬਰ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਸਨ। ਅਸੀਂ ਧਾਰਾ 109, 115, 117, 125, 131 ਅਤੇ 351 ਦੇ ਤਹਿਤ ਸ਼ਿਕਾਇਤ ਦਰਜ ਕਰਵਾਈ ਹੈ। ਧਾਰਾ 109 ਕਤਲ ਦੀ ਕੋਸ਼ਿਸ਼ ਹੈ, ਧਾਰਾ 117 ਆਪਣੀ ਮਰਜ਼ੀ ਨਾਲ ਗੰਭੀਰ ਸੱਟ ਪਹੁੰਚਾਉਣਾ ਹੈ।”