- 4 ਘੰਟੇ ਲੱਗੇ ਅੱਗ ‘ਤੇ ਕਾਬੂ ਪਾਉਣ ਲਈ
- ਕੈਮੀਕਲ ਕਾਰਨ ਬਲਾਸਟ ਹੋਣ ਦਾ ਡਰ
ਨਵੀਂ ਦਿੱਲੀ, 16 ਫਰਵਰੀ 2024 – ਵੀਰਵਾਰ 15 ਫਰਵਰੀ ਨੂੰ ਦਿੱਲੀ ਦੇ ਅਲੀਪੁਰ ਦੇ ਦਿਆਲ ਮਾਰਕਿਟ ਵਿੱਚ ਸਥਿਤ ਇੱਕ ਪੇਂਟ ਫੈਕਟਰੀ ਵਿੱਚ ਅੱਗ ਲੱਗ ਗਈ। ਦੇਰ ਰਾਤ ਤੱਕ ਹਾਦਸੇ ਵਿੱਚ 7 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਸੀ। ਸ਼ੁੱਕਰਵਾਰ ਸਵੇਰੇ ਮ੍ਰਿਤਕਾਂ ਦੀ ਗਿਣਤੀ ਵਧ ਕੇ 11 ਹੋ ਗਈ। 4 ਲੋਕ ਜ਼ਖਮੀ ਹਨ, ਜਿਨ੍ਹਾਂ ਨੂੰ ਰਾਜਾ ਹਰੀਸ਼ਚੰਦਰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀਆਂ 22 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਘਟਨਾ ਸ਼ਾਮ ਕਰੀਬ 5:30 ਵਜੇ ਵਾਪਰੀ। ਰਾਤ 9 ਵਜੇ ਅੱਗ ‘ਤੇ ਕਾਬੂ ਪਾਇਆ ਗਿਆ।
ਪੁਲਸ ਨੇ ਦੱਸਿਆ ਕਿ ਫੈਕਟਰੀ ‘ਚ ਧਮਾਕੇ ਤੋਂ ਬਾਅਦ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਆਸ-ਪਾਸ ਦੇ ਕੁਝ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਧਮਾਕਾ ਫੈਕਟਰੀ ਵਿੱਚ ਰੱਖੇ ਕੈਮੀਕਲ ਕਾਰਨ ਹੋਇਆ ਹੈ।
ਮੌਕੇ ‘ਤੇ ਮੌਜੂਦ ਇਕ ਚਸ਼ਮਦੀਦ ਨੇ ਦੱਸਿਆ ਕਿ ਇਹ ਘਟਨਾ ਵੀਰਵਾਰ ਸ਼ਾਮ ਕਰੀਬ 5.30 ਵਜੇ ਵਾਪਰੀ। ਧਮਾਕਾ ਹੁੰਦੇ ਹੀ ਲੋਕ ਬਾਹਰ ਇਕੱਠੇ ਹੋ ਗਏ। ਲੋਕਾਂ ਨੇ ਬਾਲਟੀਆਂ ਨਾਲ ਪਾਣੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਫਿਰ ਫਾਇਰ ਬ੍ਰਿਗੇਡ ਨੂੰ ਬੁਲਾਇਆ। ਪਰ ਅੱਗ ਨਹੀਂ ਬੁਝ ਰਹੀ ਸੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਤਿੰਨ ਰਸਤਿਆਂ ਰਾਹੀਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਫੈਕਟਰੀ ਕਰੀਬ 8-10 ਸਾਲ ਪੁਰਾਣੀ ਹੈ।