- ਬੱਸ ਜੈਪੁਰ ਤੋਂ ਦਿੱਲੀ ਜਾ ਰਹੀ ਸੀ
ਗੁਰੁਗਰਾਮ, 9 ਨਵੰਬਰ 2023 – ਗੁਰੂਗ੍ਰਾਮ ‘ਚ ਬੁੱਧਵਾਰ ਰਾਤ ਨੂੰ ਚੱਲਦੀ ਸਲੀਪਰ ਬੱਸ ਨੂੰ ਅੱਗ ਲੱਗ ਗਈ। ਇਸ ਹਾਦਸੇ ‘ਚ 2 ਲੋਕਾਂ ਦੀ ਸੜ ਕੇ ਮੌਤ ਹੋ ਗਈ, ਜਦਕਿ 12 ਲੋਕ ਝੁਲਸ ਗਏ। ਇਹ ਘਟਨਾ ਰਾਤ 8.30 ਵਜੇ ਦਿੱਲੀ-ਗੁਰੂਗ੍ਰਾਮ ਐਕਸਪ੍ਰੈਸ ਵੇਅ ‘ਤੇ ਝਾਰਸਾ ਫਲਾਈਓਵਰ ਨੇੜੇ ਵਾਪਰੀ।
ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ‘ਤੇ ਕਾਬੂ ਪਾਇਆ ਗਿਆ। 5 ਜ਼ਖਮੀਆਂ ਨੂੰ ਮੇਦਾਂਤਾ ਹਸਪਤਾਲ ਅਤੇ 7 ਜ਼ਖਮੀਆਂ ਨੂੰ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅੱਗ ਕਿਸ ਕਾਰਨ ਲੱਗੀ ਇਸ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ ਹੈ।
ਗੁਰੂਗ੍ਰਾਮ ਦੇ ਪੁਲਿਸ ਕਮਿਸ਼ਨਰ ਵਿਕਾਸ ਕੁਮਾਰ ਅਰੋੜਾ ਨੇ ਦੱਸਿਆ ਕਿ ਘਟਨਾ ਦੇ ਸਮੇਂ ਬੱਸ ‘ਚ ਕਰੀਬ 35-40 ਲੋਕ ਸਵਾਰ ਸਨ ਜੋ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ ਅਤੇ ਦੀਵਾਲੀ ਦੇ ਮੌਕੇ ‘ਤੇ ਆਪਣੇ ਘਰਾਂ ਨੂੰ ਜਾ ਰਹੇ ਸਨ। ਇਨ੍ਹਾਂ ਲੋਕਾਂ ਨੇ ਗੈਸ ਦੇ ਛੋਟੇ ਸਿਲੰਡਰ ਵੀ ਆਪਣੇ ਕੋਲ ਰੱਖੇ ਹੋਏ ਸਨ।
ਕਮਿਸ਼ਨਰ ਅਰੋੜਾ ਨੇ ਅੱਗੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਅੱਗ ਇਨ੍ਹਾਂ ਛੋਟੇ ਸਿਲੰਡਰਾਂ ਕਾਰਨ ਲੱਗੀ ਹੋ ਸਕਦੀ ਹੈ। ਫਿਲਹਾਲ ਫੋਰੈਂਸਿਕ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲਿਸ ਨੇ ਇਹ ਵੀ ਦੱਸਿਆ ਕਿ ਘਟਨਾ ਤੋਂ ਬਾਅਦ ਬੱਸ ਡਰਾਈਵਰ ਫਰਾਰ ਹੋ ਗਿਆ ਅਤੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਗੁਰੂਗ੍ਰਾਮ ਦੇ ਸਿਵਲ ਹਸਪਤਾਲ ਦੇ ਡਾਕਟਰ ਮਾਨਵ ਨੇ ਦੱਸਿਆ ਕਿ ਸਾਡੀ ਟੀਮ ਸੱਤ ਜ਼ਖ਼ਮੀਆਂ ਦਾ ਇਲਾਜ ਕਰ ਰਹੀ ਹੈ। ਸਾਰੇ ਜ਼ਖਮੀ 30 ਤੋਂ 50 ਫੀਸਦੀ ਝੁਲਸ ਗਏ ਹਨ ਪਰ ਉਨ੍ਹਾਂ ਦੀ ਹਾਲਤ ਸਥਿਰ ਹੈ।
ਘਟਨਾ ਸਬੰਧੀ ਏਸੀਪੀ ਕ੍ਰਾਈਮ ਵਰੁਣ ਦਹੀਆ ਨੇ ਦੱਸਿਆ ਕਿ ਬੱਸ ਅਰੁਣਾਚਲ ਪ੍ਰਦੇਸ਼ ਦੀ ਹੈ, ਜਿਸ ਦਾ ਨੰਬਰ ਏਆਰ 01 ਕੇ 7707 ਹੈ। ਮੌਕੇ ਤੋਂ ਦੋ ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਬੱਸ ਵਿੱਚ ਸਵਾਰ ਬਾਕੀ ਸਾਰੇ ਲੋਕਾਂ ਨੂੰ ਬਚਾ ਲਿਆ ਗਿਆ ਹੈ।