- ਪੀੜਤ 72 ਸਾਲ ਦੀ ਉਮਰ ਵਿੱਚ ਦਿੱਲੀ ‘ਚ ਲਏ ਆਖਰੀ ਸਾਹ
ਬਿਹਾਰ, 14 ਮਈ 2024 – ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਰਾਜ ਸਭਾ ਮੈਂਬਰ ਸੁਸ਼ੀਲ ਕੁਮਾਰ ਮੋਦੀ ਦਾ ਸੋਮਵਾਰ ਸ਼ਾਮ ਦਿੱਲੀ ਦੇ ਏਮਜ਼ ਵਿੱਚ ਦੇਹਾਂਤ ਹੋ ਗਿਆ ਹੈ। ਉਹ 72 ਸਾਲਾਂ ਦੇ ਸਨ। ਪਿਛਲੇ ਕੁਝ ਸਮੇਂ ਤੋਂ ਗਲੇ ਦੇ ਕੈਂਸਰ ਤੋਂ ਪੀੜਤ ਸਨ। ਬਿਹਾਰ ਦੇ ਉਪ ਮੁੱਖ ਮੰਤਰੀ ਵਿਜੇ ਕੁਮਾਰ ਸਿਨਹਾ ਨੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ।
ਸੁਸ਼ੀਲ ਨੇ ਕਰੀਬ 7 ਮਹੀਨੇ ਪਹਿਲਾਂ ਗਲੇ ‘ਚ ਦਰਦ ਦੀ ਸ਼ਿਕਾਇਤ ‘ਤੇ ਟੈਸਟ ਕਰਵਾਇਆ ਸੀ, ਜਿਸ ‘ਚ ਕੈਂਸਰ ਦਾ ਪਤਾ ਲੱਗਾ ਸੀ। ਉਦੋਂ ਤੋਂ ਉਨ੍ਹਾਂ ਦਾ ਦਿੱਲੀ ਏਮਜ਼ ‘ਚ ਇਲਾਜ ਚੱਲ ਰਿਹਾ ਸੀ। ਉਨ੍ਹਾਂ ਨੇ 3 ਅਪ੍ਰੈਲ ਨੂੰ ਸੋਸ਼ਲ ਮੀਡੀਆ ‘ਤੇ ਆਪਣੇ ਕੈਂਸਰ ਦੀ ਜਾਣਕਾਰੀ ਦਿੱਤੀ ਸੀ। ਲਿਖਿਆ ਸੀ, ‘ਮੈਂ ਪਿਛਲੇ 6 ਮਹੀਨਿਆਂ ਤੋਂ ਕੈਂਸਰ ਨਾਲ ਜੂਝ ਰਿਹਾ ਹਾਂ। ਹੁਣ ਮੈਨੂੰ ਲੱਗਾ ਕਿ ਲੋਕਾਂ ਨੂੰ ਦੱਸਣ ਦਾ ਸਮਾਂ ਆ ਗਿਆ ਹੈ।
ਸੁਸ਼ੀਲ ਮੋਦੀ ਦੀ ਮ੍ਰਿਤਕ ਦੇਹ ਮੰਗਲਵਾਰ ਸਵੇਰੇ ਕਰੀਬ 9.30 ਵਜੇ ਵਿਸ਼ੇਸ਼ ਜਹਾਜ਼ ਰਾਹੀਂ ਪਟਨਾ ਲਿਆਂਦੀ ਜਾਵੇਗੀ। ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਰਾਜਿੰਦਰ ਨਗਰ ਸਥਿਤ ਨਿੱਜੀ ਰਿਹਾਇਸ਼ ‘ਤੇ ਰੱਖਿਆ ਜਾਵੇਗਾ। ਉਨ੍ਹਾਂ ਦਾ ਅੰਤਿਮ ਸੰਸਕਾਰ ਭਲਕੇ ਪਟਨਾ ਦੇ ਗੁਲਾਬੀ ਘਾਟ ਵਿਖੇ ਕੀਤਾ ਜਾਵੇਗਾ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਲਾਲੂ ਪ੍ਰਸਾਦ ਯਾਦਵ ਸਮੇਤ ਕਈ ਨੇਤਾਵਾਂ ਨੇ ਸੁਸ਼ੀਲ ਮੋਦੀ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ।