- ਖਿਡਾਰੀਆਂ ‘ਚ ਵਿਰਾਟ ਕੋਹਲੀ ਸਭ ਤੋਂ ਅੱਗੇ
ਮੁੰਬਈ, 5 ਸਤੰਬਰ 2024 – ਸ਼ਾਹਰੁਖ ਖਾਨ ਭਾਰਤ ਵਿੱਚ ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲੇ ਸੈਲੇਬਸ ਬਣ ਗਏ ਹਨ। ਉਸ ਨੇ 92 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ। ਫਾਰਚਿਊਨ ਇੰਡੀਆ ਨੇ ਬੁੱਧਵਾਰ ਨੂੰ ਵਿੱਤੀ ਸਾਲ 2023-24 ‘ਚ ਸਭ ਤੋਂ ਜ਼ਿਆਦਾ ਟੈਕਸ ਅਦਾ ਕਰਨ ਵਾਲੇ ਭਾਰਤੀ ਸੈਲੇਬਸ ਦੀ ਸੂਚੀ ਜਾਰੀ ਕੀਤੀ ਹੈ।
ਕਿੰਗ ਖਾਨ ਤੋਂ ਬਾਅਦ ਇਸ ਲਿਸਟ ‘ਚ ਤਮਿਲ ਸੁਪਰਸਟਾਰ ਥਲਾਪਤੀ ਵਿਜੇ ਦਾ ਨਾਂ ਹੈ। ਉਸ ਨੇ 80 ਕਰੋੜ ਰੁਪਏ ਦਾ ਟੈਕਸ ਜਮ੍ਹਾ ਕਰਵਾਇਆ। ਇਸ ਸੂਚੀ ਦੇ ਟਾਪ-5 ‘ਚ ਅਮਿਤਾਭ ਬੱਚਨ, ਸਲਮਾਨ ਖਾਨ ਸ਼ਾਮਲ ਹਨ। ਭਾਰਤੀ ਖਿਡਾਰੀਆਂ ‘ਚ ਵਿਰਾਟ ਕੋਹਲੀ ਸਭ ਤੋਂ ਅੱਗੇ ਹਨ।
ਟੈਕਸ ਅਦਾ ਕਰਨ ਦੇ ਮਾਮਲੇ ‘ਚ ਆਮਿਰ ਖਾਨ, ਕਰੀਨਾ ਕਪੂਰ, ਕਪਿਲ ਸ਼ਰਮਾ ਅਤੇ ਪੰਕਜ ਤ੍ਰਿਪਾਠੀ ਤੋਂ ਪਿੱਛੇ ਹਨ। ਪੰਕਜ ਨੇ 11 ਕਰੋੜ ਅਤੇ ਆਮਿਰ ਨੇ 10 ਕਰੋੜ ਦਾ ਟੈਕਸ ਅਦਾ ਕੀਤਾ ਹੈ। ਅਕਸ਼ੇ ਕੁਮਾਰ ਟਾਪ-20 ‘ਚੋਂ ਬਾਹਰ ਹੋ ਗਏ ਹਨ।
ਸ਼ਾਹਰੁਖ ਖਾਨ ਦੀ ਸੰਪਤੀ 2023 ਵਿੱਚ 1300 ਕਰੋੜ ਰੁਪਏ ਵਧੀ ਹੈ। ਫੋਰਬਸ ਮੁਤਾਬਕ ਸਾਲ 2022 ‘ਚ ਸ਼ਾਹਰੁਖ ਦੀ ਕੁਲ ਜਾਇਦਾਦ 5116 ਕਰੋੜ ਰੁਪਏ ਸੀ, ਜੋ ਜਵਾਨ ਅਤੇ ਪਠਾਨ ਦੀ ਸਫਲਤਾ ਤੋਂ ਬਾਅਦ 8 ਫੀਸਦੀ ਵਧੀ ਹੈ। ਸ਼ਾਹਰੁਖ ਦੀ ਫਿਲਮ ਪਠਾਨ ਨੇ 1050 ਕਰੋੜ ਦੀ ਕਮਾਈ ਕੀਤੀ ਸੀ।
ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਸ਼ਾਹਰੁਖ ਨੇ ਫਿਲਮ ਪਠਾਨ ਲਈ ਯਸ਼ਰਾਜ ਪ੍ਰੋਡਕਸ਼ਨ ਨਾਲ 60 ਫੀਸਦੀ ਮੁਨਾਫਾ ਸਾਂਝਾ ਕਰਨ ਦਾ ਇਕਰਾਰਨਾਮਾ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਫਿਲਮ ਲਈ 100 ਕਰੋੜ ਰੁਪਏ ਫੀਸ ਲਈ ਸੀ। ਫਿਲਮ ਜਵਾਨ ਦਾ ਨਿਰਮਾਣ ਸ਼ਾਹਰੁਖ ਖਾਨ ਦੇ ਪ੍ਰੋਡਕਸ਼ਨ ਹਾਊਸ ਰੈੱਡ ਚਿਲੀ ਐਂਟਰਟੇਨਮੈਂਟ ਨੇ ਕੀਤਾ ਸੀ। ਅਜਿਹੇ ‘ਚ ਉਸ ਨੂੰ OTT ਅਤੇ ਚੈਨਲ ਅਧਿਕਾਰਾਂ ਦਾ ਸਿੱਧਾ ਲਾਭ ਵੀ ਮਿਲਿਆ। ਹੁਣ ਸ਼ਾਹਰੁਖ ਦੀ ਕੁੱਲ ਜਾਇਦਾਦ 6411 ਕਰੋੜ ਰੁਪਏ ਤੱਕ ਪਹੁੰਚ ਗਈ ਹੈ, ਜਿਸ ਨਾਲ ਸ਼ਾਹਰੁਖ ਖਾਨ ਦੁਨੀਆ ਦੇ ਚੌਥੇ ਸਭ ਤੋਂ ਅਮੀਰ ਅਭਿਨੇਤਾ ਬਣ ਗਏ ਹਨ। ਕਮਾਈ ਦੇ ਮਾਮਲੇ ‘ਚ ਸ਼ਾਹਰੁਖ ਖਾਨ ਨੇ ਜੈਕੀ ਚੈਨ (3359 ਕਰੋੜ ਰੁਪਏ) ਅਤੇ ਟਾਮ ਕਰੂਜ਼ (5039 ਕਰੋੜ ਰੁਪਏ) ਨੂੰ ਪਿੱਛੇ ਛੱਡ ਦਿੱਤਾ ਹੈ।
ਅਭਿਨੇਤਰੀ ਕਰੀਨਾ ਕਪੂਰ ਭਾਰਤ ਦੀ ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲੀ ਮਹਿਲਾ ਸੈਲੇਬਸ ਹੈ। ਅਦਾਕਾਰਾ ਨੇ ਵਿੱਤੀ ਸਾਲ 2024 ਵਿੱਚ 20 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਸੀ। ਇਸ ਸੂਚੀ ‘ਚ ਉਹ ਸ਼ਾਹਿਦ ਕਪੂਰ ਅਤੇ ਸਾਊਥ ਸਟਾਰ ਮੋਹਨ ਲਾਲ ਤੋਂ ਉੱਪਰ ਹਨ, ਜਿਨ੍ਹਾਂ ਨੇ 18 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ। ਕਾਮੇਡੀਅਨ ਕਪਿਲ ਸ਼ਰਮਾ 26 ਕਰੋੜ ਰੁਪਏ ਦਾ ਟੈਕਸ ਭਰ ਕੇ ਇਸ ਲਿਸਟ ‘ਚ 11ਵੇਂ ਨੰਬਰ ‘ਤੇ ਹਨ।