- ਡੋਡਾ ‘ਚ 34 ਦਿਨਾਂ ‘ਚ ਇਹ ਪੰਜਵਾਂ ਮੁਕਾਬਲਾ
ਜੰਮੂ-ਕਸ਼ਮੀਰ, 16 ਜੁੱਲੀ 2024 – ਜੰਮੂ-ਕਸ਼ਮੀਰ ਦੇ ਡੋਡਾ ‘ਚ ਸੋਮਵਾਰ ਰਾਤ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ‘ਚ ਚਾਰ ਜਵਾਨ ਸ਼ਹੀਦ ਹੋ ਗਏ। ਸੋਮਵਾਰ ਸ਼ਾਮ ਨੂੰ ਅੱਤਵਾਦੀਆਂ ਨਾਲ ਹੋਏ ਮੁਕਾਬਲੇ ‘ਚ ਗੰਭੀਰ ਰੂਪ ਨਾਲ ਜ਼ਖਮੀ ਹੋਏ ਇਕ ਅਧਿਕਾਰੀ ਸਮੇਤ ਚਾਰ ਜਵਾਨਾਂ ਦੀ ਮੰਗਲਵਾਰ ਤੜਕੇ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਨਿਊਜ਼ ਏਜੰਸੀ ਪੀਟੀਆਈ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਇਹ ਮੁਕਾਬਲਾ ਉਸ ਸਮੇਂ ਹੋਇਆ ਜਦੋਂ ਰਾਸ਼ਟਰੀ ਰਾਈਫਲਜ਼ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐੱਸਓਜੀ) ਦੇ ਜਵਾਨਾਂ ਨੇ ਦੇਸਾ ਦੇ ਜੰਗਲੀ ਖੇਤਰ ਦੇ ਧਾਰੀ ਗੋਟੇ ਉਰਾਰਬਾਗੀ ‘ਚ ਦੇਰ ਰਾਤ ਡੋਡਾ ਸ਼ਹਿਰ ਤੋਂ ਲਗਭਗ 55 ਕਿਲੋਮੀਟਰ ਦੂਰ ਇਕ ਜੰਗਲ ‘ਚ ਸੋਮਵਾਰ ਸ਼ਾਮ ਨੂੰ ਸਾਂਝੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ।
ਮੁਕਾਬਲੇ ਤੋਂ ਥੋੜ੍ਹੀ ਦੇਰ ਬਾਅਦ ਅੱਤਵਾਦੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਇਕ ਅਫਸਰ ਦੀ ਅਗਵਾਈ ਵਿਚ ਬਹਾਦਰ ਸਿਪਾਹੀਆਂ ਨੇ ਚੁਣੌਤੀਪੂਰਨ ਖੇਤਰ ਵਿਚ ਸੰਘਣੇ ਜੰਗਲਾਂ ਵਿਚ ਉਨ੍ਹਾਂ ਦਾ ਪਿੱਛਾ ਕੀਤਾ, ਜਿਸ ਤੋਂ ਬਾਅਦ ਰਾਤ 9 ਵਜੇ ਦੇ ਕਰੀਬ ਜੰਗਲ ਵਿਚ ਇਕ ਹੋਰ ਮੁਕਾਬਲਾ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮੁਕਾਬਲੇ ‘ਚ 5 ਜਵਾਨ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਇਨ੍ਹਾਂ ‘ਚੋਂ ਇਕ ਅਧਿਕਾਰੀ ਸਮੇਤ ਚਾਰ ਦੀ ਮੰਗਲਵਾਰ ਸਵੇਰੇ ਇਲਾਜ ਦੌਰਾਨ ਮੌਤ ਹੋ ਗਈ।
ਜੰਮੂ ਖੇਤਰ ‘ਚ ਪਿਛਲੇ ਕੁਝ ਹਫਤਿਆਂ ਤੋਂ ਕਈ ਥਾਵਾਂ ‘ਤੇ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ ਸੁਰੱਖਿਆ ਬਲ ਹਾਈ ਅਲਰਟ ‘ਤੇ ਹਨ। 16 ਆਰਮੀ ਕੋਰ, ਜਿਸ ਨੂੰ ਵ੍ਹਾਈਟ ਨਾਈਟ ਕੋਰ ਵੀ ਕਿਹਾ ਜਾਂਦਾ ਹੈ, ਨੇ ਕਿਹਾ ਕਿ ਡੋਡਾ ਵਿੱਚ ਮੁਕਾਬਲੇ ਵਾਲੇ ਖੇਤਰ ਵਿੱਚ ਵਾਧੂ ਸੈਨਿਕ ਭੇਜੇ ਗਏ ਹਨ। ਪੂਰੇ ਇਲਾਕੇ ‘ਚ ਸਰਚ ਆਪਰੇਸ਼ਨ ਜਾਰੀ ਹੈ। ਡੋਡਾ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਕਸ਼ਮੀਰ ਟਾਈਗਰਜ਼ ਨੇ ਲਈ ਹੈ। ਇਹ ਸੰਗਠਨ ਜੈਸ਼-ਏ-ਮੁਹੰਮਦ ਦੀ ਇਕ ਸ਼ਾਖਾ ਹੈ ਜਿਸ ਨੇ ਹਾਲ ਹੀ ਵਿਚ ਕਠੂਆ ਵਿਚ ਫੌਜ ਦੇ ਕਾਫਲੇ ‘ਤੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ।
ਜੰਮੂ ਡਿਵੀਜ਼ਨ ਦੇ ਡੋਡਾ ਵਿੱਚ 32 ਦਿਨਾਂ ਵਿੱਚ ਇਹ ਪੰਜਵਾਂ ਮੁਕਾਬਲਾ ਹੈ। ਇਸ ਤੋਂ ਪਹਿਲਾਂ 9 ਜੁਲਾਈ ਨੂੰ ਮੁਕਾਬਲਾ ਹੋਇਆ ਸੀ। ਇੱਥੇ 26 ਜੂਨ ਨੂੰ ਇੱਕ ਅਤੇ 12 ਜੂਨ ਨੂੰ ਦੋ ਹਮਲੇ ਹੋਏ ਸਨ। ਸਾਰੇ ਹਮਲੇ ਐਨਕਾਊਂਟਰ ਦੇ ਬਾਅਦ ਕੀਤੇ ਗਏ ਸਨ।