- ਗੋਰਖਪੁਰ (ਯੂਪੀ) ਦੇ ਗੈਂਗਸਟਰ ‘ਤੇ 35 ਕੇਸ ਸੀ ਦਰਜ
- STF ਨੇ ਸੁਲਤਾਨਪੁਰ ਵਿੱਚ ਕੀਤਾ ਐਨਕਾਊਂਟਰ
ਯੂਪੀ, 5 ਜਨਵਰੀ 2024 – ਯੂਪੀ ਦੇ ਸੁਲਤਾਨਪੁਰ ‘ਚ STF ਨੇ ਵੱਡੇ ਮਾਫੀਆ ਅਤੇ ਸ਼ਾਰਪ ਸ਼ੂਟਰ ਵਿਨੋਦ ਕੁਮਾਰ ਉਪਾਧਿਆਏ ਨੂੰ ਐਨਕਾਊਂਟਰ ‘ਚ ਢੇਰ ਕਰ ਦਿੱਤਾ ਹੈ। ਗੋਰਖਪੁਰ ਪੁਲਿਸ ਨੇ ਵਿਨੋਦ ਕੁਮਾਰ ਉਪਾਧਿਆਏ ‘ਤੇ 1 ਲੱਖ ਰੁਪਏ ਦਾ ਇਨਾਮ ਰੱਖਿਆ ਸੀ।
ਦੱਸ ਦਈਏ ਕਿ ਸ਼ਾਰਪ ਸ਼ੂਟਰ ਵਿਨੋਦ ਕੁਮਾਰ ਉਪਾਧਿਆਏ ਨੇ ਆਪਣਾ ਸੰਗਠਿਤ ਗੈਂਗ ਬਣਾ ਕੇ ਗੋਰਖਪੁਰ, ਬਸਤੀ, ਸੰਤ ਕਬੀਰ ਨਗਰ, ਲਖਨਊ ਵਿਚ ਕਈ ਸਨਸਨੀਖੇਜ਼ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਉਪਾਧਿਆਏ ਦਾ ਐਨਕਾਊਂਟਰ ਐਸਟੀਐਫ ਹੈੱਡਕੁਆਰਟਰ ਦੇ ਡਿਪਟੀ ਐਸਪੀ ਦੀਪਕ ਕੁਮਾਰ ਸਿੰਘ ਦੀ ਅਗਵਾਈ ਵਿੱਚ ਉਨ੍ਹਾਂ ਦੀ ਟੀਮ ਵੱਲੋਂ ਕੀਤਾ ਗਿਆ।
ਵਿਨੋਦ ਉਪਾਧਿਆਏ ਖਿਲਾਫ ਗੋਰਖਪੁਰ, ਬਸਤੀ ਅਤੇ ਸੰਤ ਕਬੀਰ ਨਗਰ ‘ਚ 35 ਮਾਮਲੇ ਦਰਜ ਸਨ ਪਰ ਉਨ੍ਹਾਂ ‘ਚੋਂ ਕਿਸੇ ਵੀ ਮਾਮਲੇ ‘ਚ ਉਨ੍ਹਾਂ ਨੂੰ ਸਜ਼ਾ ਨਹੀਂ ਮਿਲੀ ਸੀ।
ਸ਼ੁੱਕਰਵਾਰ ਤੜਕੇ ਜਦੋਂ ਐਸਟੀਐਫ ਦੀ ਟੀਮ ਨੇ ਉਸ ਨੂੰ ਘੇਰ ਲਿਆ ਤਾਂ ਉਸ ਨੇ ਭੱਜਣ ਲਈ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ STF ਟੀਮ ‘ਤੇ ਕਈ ਰਾਉਂਡ ਫਾਇਰ ਕੀਤੇ, ਜਿਸ ਤੋਂ ਬਾਅਦ STF ਨੇ ਜਵਾਬੀ ਕਾਰਵਾਈ ‘ਚ ਉਸ ਨੂੰ ਗੋਲੀ ਮਾਰ ਦਿੱਤੀ। ਗੋਲੀ ਲੱਗਣ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।
STF ਅਤੇ ਗੋਰਖਪੁਰ ਕ੍ਰਾਈਮ ਬ੍ਰਾਂਚ ਦੀ ਟੀਮ 7 ਮਹੀਨਿਆਂ ਤੋਂ ਉਪਾਧਿਆਏ ਦੀ ਭਾਲ ਕਰ ਰਹੀ ਸੀ। ਵਿਨੋਦ ਉਪਾਧਿਆਏ ਯੂਪੀ ਦੇ ਮਾਫੀਆ ਦੀ ਟਾਪ 10 ਸੂਚੀ ਵਿੱਚ ਸ਼ਾਮਲ ਸਨ। ਵਿਨੋਦ ਉਪਾਧਿਆਏ ਅਯੁੱਧਿਆ ਜ਼ਿਲ੍ਹੇ ਦੇ ਪੂਰਵਾ ਦਾ ਰਹਿਣ ਵਾਲਾ ਸੀ ਅਤੇ ਪਿਛਲੇ ਸਾਲ ਸਤੰਬਰ ‘ਚ ਯੂਪੀ ਪੁਲਸ ਨੇ ਉਸ ‘ਤੇ 1 ਲੱਖ ਰੁਪਏ ਦਾ ਇਨਾਮ ਐਲਾਨ ਕੀਤਾ ਸੀ।
ਵਿਨੋਦ ਉਪਾਧਿਆਏ ਉਦੋਂ ਸੁਰਖੀਆਂ ‘ਚ ਆਇਆ ਜਦੋਂ ਉਨ੍ਹਾਂ ਨੇ ਥੱਪੜ ਮਾਰੇ ਜਾਣ ਤੋਂ ਬਾਅਦ ਕਤਲ ਕਰ ਦਿੱਤਾ ਸੀ। ਵਿਨੋਦ ਉਪਾਧਿਆਏ ਦਾ ਅਪਰਾਧ ਦੀ ਦੁਨੀਆ ਵਿੱਚ ਪ੍ਰਵੇਸ਼ ਇਸ ਘਟਨਾ ਰਾਹੀਂ ਹੋਇਆ ਸੀ। ਦਰਅਸਲ, ਸਾਲ 2004 ‘ਚ ਗੋਰਖਪੁਰ ਜੇਲ ‘ਚ ਬੰਦ ਅਪਰਾਧੀ ਜੀਤਨਾਰਾਇਣ ਮਿਸ਼ਰਾ ਨੇ ਕਿਸੇ ਗੱਲ ਨੂੰ ਲੈ ਕੇ ਝਗੜੇ ਤੋਂ ਬਾਅਦ ਉਸ ਨੂੰ ਥੱਪੜ ਮਾਰ ਦਿੱਤਾ ਸੀ।
ਅਗਲੇ ਸਾਲ ਜਦੋਂ ਜੀਤਨਾਰਾਇਣ ਮਿਸ਼ਰਾ ਜੇਲ੍ਹ ਤੋਂ ਬਾਹਰ ਆਇਆ ਤਾਂ ਵਿਨੋਦ ਉਪਾਧਿਆਏ ਨੇ ਮੌਕਾ ਦੇਖ ਕੇ ਸਾਲ 2005 ਵਿੱਚ ਸੰਤ ਕਬੀਰ ਨਗਰ ਬਖੀਰਾ ਨੇੜੇ ਉਸ ਦਾ ਕਤਲ ਕਰ ਦਿੱਤਾ, ਜਿਸ ਕਾਰਨ ਉਹ ਸੁਰਖੀਆਂ ਵਿੱਚ ਆ ਗਿਆ ਸੀ।