ਰਾਜਸਥਾਨ, 19 ਸਤੰਬਰ 2024 – ਰਾਜਸਥਾਨ ਦੇ ਦੌਸਾ ਦੇ ਬਾਂਦੀਕੁਈ ਖੇਤਰ ਦੇ ਜੋਧਪੁਰੀਆ ਵਿੱਚ ਬੁੱਧਵਾਰ ਸ਼ਾਮ ਨੂੰ ਇੱਕ ਢਾਈ ਸਾਲ ਦੀ ਬੱਚੀ ਇੱਕ ਬੋਰਵੈਲ ਦੇ ਕੋਲ ਇੱਕ ਟੋਏ ਵਿੱਚ ਡਿੱਗ ਗਈ। ਬੱਚੀ ਕਰੀਬ 35 ਫੁੱਟ ਹੇਠਾਂ ਟੋਏ ‘ਚ ਫਸ ਗਈ ਹੈ। ਸੂਚਨਾ ਮਿਲਣ ‘ਤੇ ਨਗਰ ਪਾਲਿਕਾ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤਾ। ਸਿਲੰਡਰ ਤੋਂ ਬੱਚੀ ਨੂੰ ਆਕਸੀਜਨ ਪਹੁੰਚਾਈ ਜਾ ਰਹੀ ਹੈ। ਟੋਏ ਦੇ ਨਾਲ ਕਰੀਬ 15 ਫੁੱਟ ਦੀ ਦੂਰੀ ’ਤੇ ਤਿੰਨ ਜੇਸੀਬੀ ਨਾਲ ਖੁਦਾਈ ਕੀਤੀ ਗਈ। ਇਸ ਦੌਰਾਨ ਮੀਂਹ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਰਾਤ ਕਰੀਬ 8 ਵਜੇ ਦੌਸਾ ਤੋਂ ਐੱਸਡੀਆਰਐੱਫ ਦੀ ਟੀਮ ਮੌਕੇ ‘ਤੇ ਪਹੁੰਚੀ। ਟੀਮ ਨੇ ਟੋਏ ‘ਚ ਇਕ ਕੈਮਰਾ ਲਗਾਇਆ, ਜਿਸ ‘ਚ ਬੱਚੀ ਹਿਲਦੀ ਨਜ਼ਰ ਆ ਰਹੀ ਸੀ। ਟੀਮ ਨੇ ਬੱਚੀ ਲਈ ਦੁੱਧ ਦੀ ਬੋਤਲ ਵੀ ਅੰਦਰ ਭੇਜੀ। ਟੀਮ ਖੁਦਾਈ ਦੇ ਕੰਮ ਵਿੱਚ ਵੀ ਜੁੱਟੀ ਹੋਈ ਹੈ।
ਰਾਤ ਕਰੀਬ 9.30 ਵਜੇ ਕਿਸ਼ਨਗੜ੍ਹ, ਅਜਮੇਰ ਤੋਂ ਐਨਡੀਆਰਐਫ ਦੀ ਟੀਮ ਵੀ ਬੱਚੀ ਨੂੰ ਬਚਾਉਣ ਲਈ ਪਹੁੰਚ ਗਈ। ਐਨਡੀਆਰਐਫ ਦੀ ਟੀਮ ਨੇ ਬੱਚੀ ਨੂੰ ਬਾਹਰ ਕੱਢਣ ਲਈ ਦੋ ਵਾਰ ਐਂਗਲ ਸਿਸਟਮ ਦੀ ਕੋਸ਼ਿਸ਼ ਕੀਤੀ, ਪਰ ਦੋਵੇਂ ਵਾਰ ਲੜਕੀ ਨੇ ਐਂਗਲ ਨਹੀਂ ਫੜਿਆ। ਜਦੋਂ ਇਹ ਕੋਸ਼ਿਸ਼ਾਂ ਕਾਮਯਾਬ ਨਾ ਹੋਈਆਂ ਤਾਂ ਮੁੜ ਖੁਦਾਈ ਸ਼ੁਰੂ ਕਰ ਦਿੱਤੀ ਗਈ।
ਜਾਣਕਾਰੀ ਮੁਤਾਬਕ ਨੀਰੂ ਦੇ ਪਿਤਾ ਰਾਹੁਲ ਗੁਰਜਰ ਦਾ ਘਰ ਦੇ ਨੇੜੇ ਖੇਤ ਹੈ। ਖੇਤ ਵਿੱਚ ਬਾਜਰੇ ਦੀ ਫ਼ਸਲ ਵੱਢੀ ਜਾ ਰਹੀ ਹੈ। ਖੇਤ ਦੇ ਇੱਕ ਕੋਨੇ ਵਿੱਚ ਕਰੀਬ 600 ਫੁੱਟ ਡੂੰਘਾ ਬੋਰਵੈੱਲ ਹੈ। ਮੀਂਹ ਕਾਰਨ ਬੋਰਵੈੱਲ ਨੇੜੇ ਡੂੰਘਾ ਟੋਆ ਪੈ ਗਿਆ। ਸ਼ਾਮ 5 ਵਜੇ ਬੋਰਵੈੱਲ ਕੋਲ ਤਿੰਨ-ਚਾਰ ਬੱਚੇ ਖੇਡ ਰਹੇ ਸਨ। ਇਸ ਦੌਰਾਨ ਨੀਰੂ ਟੋਏ ਵਿੱਚ ਡਿੱਗ ਗਈ।