ਨਵੀਂ ਦਿੱਲੀ, 15 ਅਕਤੂਬਰ 2025 – ਪੁਸ਼ਯ ਨਕਸ਼ਤਰ ਦੇ ਮੌਕੇ ‘ਤੇ ਬੀਤੇ ਦਿਨ (14 ਅਕਤੂਬਰ ਨੂੰ) ਪਹਿਲੀ ਵਾਰ ਸੋਨੇ ਦੀ ਕੀਮਤ ₹1.25 ਲੱਖ ਨੂੰ ਪਾਰ ਕਰ ਗਈ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੇ ਅਨੁਸਾਰ, 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ ₹1,997 ਵਧ ਕੇ ₹1,26,152 ਹੋ ਗਈ ਹੈ। ਇਸ ਤੋਂ ਪਹਿਲਾਂ, ਸੋਮਵਾਰ ਨੂੰ, ਇਹ ₹1,24,155 ਸੀ।
ਉੱਥੇ ਹੀ ਚਾਂਦੀ ਦੀਆਂ ਕੀਮਤਾਂ ₹2,775 ਵਧ ਕੇ ₹1,78,100 ਪ੍ਰਤੀ ਕਿਲੋਗ੍ਰਾਮ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈਆਂ ਹਨ। ਸੋਮਵਾਰ ਨੂੰ, ਇਹ ₹1,75,325 ‘ਤੇ ਸੀ। ਮਾਹਰਾਂ ਦੇ ਅਨੁਸਾਰ, ਤਿਉਹਾਰਾਂ ਦੇ ਮੌਸਮ, ਉਦਯੋਗਿਕ ਮੰਗ ਅਤੇ ਘੱਟ ਵਿਸ਼ਵਵਿਆਪੀ ਸਪਲਾਈ ਅਤੇ ਵਧੀ ਹੋਈ ਮੰਗ ਕਾਰਨ ਚਾਂਦੀ ਦੀ ਕੀਮਤ ਲਗਾਤਾਰ ਵੱਧ ਰਹੀ ਹੈ।
ਇਸ ਸਾਲ ਹੁਣ ਤੱਕ, ਸੋਨੇ ਦੀ ਕੀਮਤ ₹49,990 ਵਧੀ ਹੈ। 31 ਦਸੰਬਰ, 2024 ਨੂੰ, 10 ਗ੍ਰਾਮ 24-ਕੈਰੇਟ ਸੋਨੇ ਦੀ ਕੀਮਤ ₹76,162 ਸੀ, ਜੋ ਹੁਣ ₹1,26,152 ਹੋ ਗਈ ਹੈ। ਇਸ ਸਮੇਂ ਦੌਰਾਨ ਚਾਂਦੀ ਦੀ ਕੀਮਤ ਵਿੱਚ ਵੀ ₹92,083 ਦਾ ਵਾਧਾ ਹੋਇਆ ਹੈ। 31 ਦਸੰਬਰ, 2024 ਨੂੰ, ਇੱਕ ਕਿਲੋਗ੍ਰਾਮ ਚਾਂਦੀ ਦੀ ਕੀਮਤ ₹86,017 ਸੀ, ਜੋ ਹੁਣ ₹1,78,100 ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।

ਗੋਲਡਮੈਨ ਸੈਕਸ ਦੀ ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ, ਬੈਂਕ ਨੇ ਅਗਲੇ ਸਾਲ ਤੱਕ ਸੋਨੇ ਲਈ $5,000 ਪ੍ਰਤੀ ਔਂਸ ਦਾ ਟੀਚਾ ਰੱਖਿਆ ਹੈ। ਮੌਜੂਦਾ ਐਕਸਚੇਂਜ ਦਰ ‘ਤੇ, ਇਹ ਰੁਪਏ ਵਿੱਚ ਲਗਭਗ ₹1,55,000 ਪ੍ਰਤੀ 10 ਗ੍ਰਾਮ ਹੋਵੇਗਾ। ਬ੍ਰੋਕਰੇਜ ਫਰਮ ਪੀਐਲ ਕੈਪੀਟਲ ਦੇ ਡਾਇਰੈਕਟਰ ਸੰਦੀਪ ਰਾਏਚੁਰਾ ਨੇ ਕਿਹਾ ਕਿ ਸੋਨਾ 1,44,000 ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਸਕਦਾ ਹੈ।
