- ਪੁਲਿਸ ਨੇ ਹਿੰਸਾ ਦੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਤੇਜ਼,
- ਹੁਣ ਤੱਕ 5 ਜ਼ਿਲ੍ਹਿਆਂ ਵਿੱਚ 93 ਐਫਆਈਆਰ ਦਰਜ,
- 176 ਲੋਕਾਂ ਦੀ ਹੋਈ ਗ੍ਰਿਫਤਾਰੀ
ਹਰਿਆਣਾ, 4 ਅਗਸਤ 2023 – ਹਰਿਆਣਾ ਸਰਕਾਰ ਨੇ ਬੀਤੀ ਦੇਰ ਰਾਤ ਹਿੰਸਾ ਪ੍ਰਭਾਵਿਤ ਨੂਹ ਦੇ ਐਸਪੀ (ਐਸਪੀ) ਵਰੁਣ ਸਿੰਘਲਾ ਨੂੰ ਹਟਾ ਦਿੱਤਾ ਹੈ। ਉਨ੍ਹਾਂ ਨੂੰ ਹੁਣ ਭਿਵਾਨੀ ਜ਼ਿਲ੍ਹੇ ਦਾ ਚਾਰਜ ਦਿੱਤਾ ਗਿਆ ਹੈ। ਸਰਕਾਰ ਵੱਲੋਂ ਜਾਰੀ ਕੀਤੇ ਤਬਾਦਲੇ ਦੇ ਹੁਕਮਾਂ ਵਿੱਚ ਹੁਣ ਨੂਹ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਥਾਂ ਨਰਿੰਦਰ ਬਿਜਾਰਨੀਆ ਨੂੰ ਦਿੱਤੀ ਗਈ ਹੈ। ਬਿਜਾਰਨੀਆ 2015 ਬੈਚ ਦੇ ਆਈਪੀਐਸ ਅਧਿਕਾਰੀ ਹਨ। ਫਿਲਹਾਲ ਉਹ ਭਿਵਾਨੀ ਦੇ ਐਸਪੀ ਦੇ ਨਾਲ-ਨਾਲ ਏਡੀਜੀ ਲਾਅ ਐਂਡ ਆਰਡਰ ਦੇ ਓਐਸਡੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ।
ਨੂਹ ਹਿੰਸਾ ਵਾਲੇ ਦਿਨ ਵਰੁਣ ਸਿੰਘਲਾ ਛੁੱਟੀ ‘ਤੇ ਸਨ, ਉਨ੍ਹਾਂ ਦੀ ਥਾਂ ‘ਤੇ ਆਈਪੀਐਸ ਲੋਕੇਂਦਰ ਨੂੰ ਚਾਰਜ ਦਿੱਤਾ ਗਿਆ ਸੀ। ਇਸ ਤੋਂ ਬਾਅਦ ਜਦੋਂ ਹਿੰਸਾ ਹੋਈ ਤਾਂ ਨਰਿੰਦਰ ਬਿਜਾਰਨੀਆ ਨੂੰ ਭੇਜਿਆ ਗਿਆ। ਹੁਣ ਜਦੋਂ ਸਿੰਗਲਾ ਵਾਪਸ ਆਏ ਤਾਂ ਸਰਕਾਰ ਨੇ ਉਨ੍ਹਾਂ ਦਾ ਤਬਾਦਲਾ ਭਿਵਾਨੀ ਕਰ ਦਿੱਤਾ ਹੈ ਅਤੇ ਨੂਹ ਐਸਪੀ ਦਾ ਚਾਰਜ ਬਿਜਰਨੀਆ ਨੂੰ ਸੌਂਪ ਦਿੱਤਾ ਹੈ।
ਹਰਿਆਣਾ ਦੇ ਮੇਵਾਤ-ਨੂਹ ‘ਚ ਹੋਏ ਦੰਗਿਆਂ ਤੋਂ ਬਾਅਦ ਪੁਲਿਸ ਹੁਣ ਜਾਗ ਗਈ ਹੈ। ਦੰਗਿਆਂ ਦੀ ਸ਼ੁਰੂਆਤੀ ਜਾਂਚ ਤੋਂ ਬਾਅਦ ਪੁਲਿਸ ਨੇ ਨੂਹ ‘ਚ ਰੋਹਿੰਗਿਆ ਅਤੇ ਗੈਰ-ਕਾਨੂੰਨੀ ਘੁਸਪੈਠੀਆਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਤਾਵਡੂ ਰੋਹਿੰਗਿਆ ਦੇ ਨਜਾਇਜ਼ ਕਬਜੇ ਅਤੇ ਨਜਾਇਜ਼ ਘੁਸਪੈਠੀਆਂ ‘ਤੇ ਬੁਲਡੋਜ਼ਰ ਚਲਾ ਦਿੱਤਾ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਲੋਕ ਹਿੰਸਾ ਵਿੱਚ ਸ਼ਾਮਲ ਸਨ।
ਹਰਿਆਣਾ ‘ਚ ਹਿੰਸਾ ਦੇ ਦੋਸ਼ੀਆਂ ਖਿਲਾਫ ਪੁਲਿਸ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਹੁਣ ਤੱਕ 5 ਜ਼ਿਲ੍ਹਿਆਂ ਵਿੱਚ 93 ਐਫਆਈਆਰ ਦਰਜ ਕੀਤੀਆਂ ਗਈਆਂ ਹਨ। 176 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਕੱਲੇ ਨੂਹ ਵਿੱਚ 46 ਐਫਆਈਆਰ ਦਰਜ ਹਨ। ਸੋਮਵਾਰ ਨੂੰ ਨੂਹ ‘ਚ ਕੱਢੇ ਗਏ ਜਲੂਸ ‘ਤੇ ਪਥਰਾਅ ਕੀਤੇ ਜਾਣ ਤੋਂ ਬਾਅਦ ਹੀ ਦੋ ਭਾਈਚਾਰਿਆਂ ਵਿਚਾਲੇ ਹਿੰਸਾ ਭੜਕ ਗਈ। ਨੂਹ ਤੋਂ ਇਲਾਵਾ ਫਰੀਦਾਬਾਦ ਵਿੱਚ 3, ਗੁਰੂਗ੍ਰਾਮ ਵਿੱਚ 23, ਪਲਵਲ ਵਿੱਚ 18, ਰੇਵਾੜੀ ਵਿੱਚ 3 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਪੁਲਿਸ ਨੇ ਸੋਸ਼ਲ ਮੀਡੀਆ ‘ਤੇ 2300 ਵੀਡੀਓਜ਼ ਦੀ ਪਛਾਣ ਕੀਤੀ ਹੈ। ਪੁਲਿਸ ਦਾ ਮੰਨਣਾ ਹੈ ਕਿ ਇਨ੍ਹਾਂ ਵੀਡੀਓਜ਼ ਨੇ ਹਿੰਸਾ ਭੜਕਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
31 ਜੁਲਾਈ ਨੂੰ ਹਰਿਆਣਾ ਦੇ ਮੇਵਾਤ-ਨੂਹ ‘ਚ ਬ੍ਰਿਜ ਮੰਡਲ ਯਾਤਰਾ ਕੱਢੀ ਗਈ। ਇਸ ਦੌਰਾਨ ਯਾਤਰਾ ‘ਤੇ ਪਥਰਾਅ ਵੀ ਹੋਇਆ। ਕੁਝ ਹੀ ਸਮੇਂ ਵਿੱਚ ਇਹ ਦੋ ਭਾਈਚਾਰਿਆਂ ਦਰਮਿਆਨ ਹਿੰਸਾ ਵਿੱਚ ਬਦਲ ਗਿਆ। ਸੈਂਕੜੇ ਕਾਰਾਂ ਨੂੰ ਅੱਗ ਲਗਾ ਦਿੱਤੀ ਗਈ। ਸਾਈਬਰ ਪੁਲਿਸ ਸਟੇਸ਼ਨ ‘ਤੇ ਵੀ ਹਮਲਾ ਕੀਤਾ ਗਿਆ। ਬਦਮਾਸ਼ਾਂ ਨੇ ਪੁਲਿਸ ਮੁਲਾਜ਼ਮਾਂ ‘ਤੇ ਵੀ ਹਮਲਾ ਕਰ ਦਿੱਤਾ। ਨੂਹ ਤੋਂ ਬਾਅਦ ਸੋਹਾਣਾ ਵਿੱਚ ਵੀ ਪਥਰਾਅ ਅਤੇ ਗੋਲੀਬਾਰੀ ਹੋਈ। ਗੱਡੀਆਂ ਨੂੰ ਅੱਗ ਲਗਾ ਦਿੱਤੀ ਗਈ। ਇਸ ਤੋਂ ਬਾਅਦ ਹਿੰਸਾ ਦੀ ਅੱਗ ਨੂਹ ਤੋਂ ਫਰੀਦਾਬਾਦ-ਗੁਰੂਗ੍ਰਾਮ ਤੱਕ ਫੈਲ ਗਈ। ਨੂਹ ਹਿੰਸਾ ਵਿੱਚ ਦੋ ਹੋਮਗਾਰਡਾਂ ਸਮੇਤ 6 ਲੋਕਾਂ ਦੀ ਮੌਤ ਹੋ ਗਈ ਹੈ।