- ਪੁੰਛ ‘ਚ ਫੌਜ ਦੇ ਦੋ ਜਵਾਨ ਦਰਿਆ ‘ਚ ਰੁੜੇ
ਨਵੀਂ ਦਿੱਲੀ, 9 ਜੁਲਾਈ 2023 – ਦਿੱਲੀ, ਹਿਮਾਚਲ, ਪੰਜਾਬ ਸਮੇਤ ਦੇਸ਼ ਦੇ ਉੱਤਰੀ ਰਾਜਾਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਦਿੱਲੀ ‘ਚ 41 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ। 1982 ਤੋਂ ਬਾਅਦ, ਜੁਲਾਈ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 153 ਮਿਲੀਮੀਟਰ ਬਾਰਸ਼ ਹੋਈ।
ਇਸ ਤੋਂ ਪਹਿਲਾਂ 25 ਜੁਲਾਈ 1982 ਨੂੰ 169.9 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੀ। 2003 ਵਿੱਚ 24 ਘੰਟਿਆਂ ਵਿੱਚ 133.4 ਮਿਲੀਮੀਟਰ ਮੀਂਹ ਪਿਆ ਸੀ। ਅਤੇ 2013 ਵਿੱਚ ਦਿੱਲੀ ਵਿੱਚ 123.4 ਮਿਲੀਮੀਟਰ ਮੀਂਹ ਪਿਆ ਸੀ।
ਜੰਮੂ-ਕਸ਼ਮੀਰ ਦੇ ਪੁੰਛ ‘ਚ ਪੋਸ਼ਾਨਾ ਨਦੀ ਨੂੰ ਪਾਰ ਕਰਦੇ ਸਮੇਂ ਫੌਜ ਦੇ ਦੋ ਜਵਾਨ ਮੀਂਹ ਕਾਰਨ ਰੁੜ੍ਹ ਗਏ। ਇਸ ਦੇ ਨਾਲ ਹੀ ਹਿਮਾਚਲ ਦੇ ਕੋਟਗੜ੍ਹ ‘ਚ ਜ਼ਮੀਨ ਖਿਸਕਣ ਕਾਰਨ ਇੱਕੋ ਪਰਿਵਾਰ ਦੇ 3 ਲੋਕਾਂ ਦੀ ਮੌਤ ਹੋ ਗਈ।
ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਵਿੱਚ ਰਾਜਸਥਾਨ ਅਤੇ ਮੱਧ ਪ੍ਰਦੇਸ਼ ਸਮੇਤ 23 ਰਾਜਾਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਹਿਮਾਚਲ ਦੇ ਲਾਹੌਲ ਅਤੇ ਸਪਿਤੀ ‘ਚ ਹੜ੍ਹ ਅਤੇ ਬਰਫ਼ਬਾਰੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਕਸ਼ਮੀਰ ‘ਚ ਖਰਾਬ ਮੌਸਮ ਕਾਰਨ ਅਮਰਨਾਥ ਯਾਤਰਾ ਨੂੰ ਲਗਾਤਾਰ ਤੀਜੇ ਦਿਨ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਕਾਰਨ 6 ਹਜ਼ਾਰ ਅਮਰਨਾਥ ਯਾਤਰੀ ਰਾਮਬਨ ‘ਚ ਫਸੇ ਹੋਏ ਹਨ। ਨੈਸ਼ਨਲ ਹਾਈਵੇਅ 44 ਫਿਲਹਾਲ ਬੰਦ ਹੈ।
ਮੱਧ ਪ੍ਰਦੇਸ਼, ਰਾਜਸਥਾਨ, ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਸਿੱਕਮ, ਪੱਛਮੀ ਬੰਗਾਲ, ਅਸਾਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਨੀਪੁਰ, ਮਿਜ਼ੋਰਨ , ਤ੍ਰਿਪੁਰਾ, ਉੜੀਸਾ, ਗੁਜਰਾਤ, ਗੋਆ ਅਤੇ ਮਹਾਰਾਸ਼ਟਰ ਰਾਜਾਂ ਵਿੱਚ ਭਾਰੀ ਬਾਰਿਸ਼ ਹੋਵੇਗੀ
ਉਥੇ ਹੀ ਕਰਨਾਟਕ, ਤੇਲੰਗਾਨਾ, ਛੱਤੀਸਗੜ੍ਹ, ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ‘ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।