- ਵਿਆਹ ਸਮਾਗਮ ਤੋਂ ਪਰਤ ਰਿਹਾ ਪਰਿਵਾਰ
ਰਾਜਸਥਾਨ, 20 ਅਕਤੂਬਰ 2024 – ਧੌਲਪੁਰ ‘ਚ ਨੈਸ਼ਨਲ ਹਾਈਵੇ-11ਬੀ ‘ਤੇ ਇਕ ਤੇਜ਼ ਰਫਤਾਰ ਬੱਸ ਨੇ ਇਕ ਟੈਂਪੂ ਨੂੰ ਟੱਕਰ ਮਾਰ ਦਿੱਤੀ। ਹਾਦਸੇ ‘ਚ 12 ਲੋਕਾਂ ਦੀ ਮੌਤ ਹੋ ਗਈ, ਜਦਕਿ ਬੱਸ ਡਰਾਈਵਰ ਜ਼ਖਮੀ ਹੋ ਗਿਆ। ਉਸ ਨੂੰ ਧੌਲਪੁਰ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਸਾਰੇ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ। ਮਰਨ ਵਾਲਿਆਂ ਵਿੱਚ ਅੱਠ ਬੱਚੇ ਦੱਸੇ ਜਾ ਰਹੇ ਹਨ।
ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਸਾਰੀਆਂ ਲਾਸ਼ਾਂ ਨੂੰ ਬਾਰੀ ਹਸਪਤਾਲ ਦੇ ਮੁਰਦਾਘਰ ‘ਚ ਰਖਵਾਇਆ। ਇਹ ਹਾਦਸਾ ਸ਼ਨੀਵਾਰ ਰਾਤ ਕਰੀਬ 11 ਵਜੇ ਬਾਰੀ ਸਬ-ਡਿਵੀਜ਼ਨ ‘ਚ ਵਾਪਰਿਆ।
ਜਾਣਕਾਰੀ ਮੁਤਾਬਕ ਬਾਰੀ ਸ਼ਹਿਰ ਦੀ ਕਰੀਮ ਕਾਲੋਨੀ ਸਥਿਤ ਗੁਮਟ ‘ਚ ਰਹਿਣ ਵਾਲੇ ਪਰਿਵਾਰ ਦੇ ਕਰੀਬ 15 ਲੋਕ ਸਰਮਾਥੁਰਾ ਇਲਾਕੇ ਦੇ ਬਰੌਲੀ ‘ਚ ਆਪਣੀ ਭੈਣ ਦੇ ਘਰ ਵਿਆਹ ਸਮਾਗਮ ਵਿੱਚ ਗਏ ਸਨ। ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਦੇਰ ਰਾਤ ਟੈਂਪੂ ਵਿੱਚ ਸਵਾਰ ਹੋ ਕੇ ਬਾਰੀ ਸ਼ਹਿਰ ਵੱਲ ਪਰਤ ਰਹੇ ਸੀ। ਰਾਤ ਕਰੀਬ 11 ਵਜੇ ਧੌਲਪੁਰ ਤੋਂ ਜੈਪੁਰ ਜਾ ਰਹੀ ਤੇਜ਼ ਰਫਤਾਰ ਬੱਸ ਨੇ ਨੈਸ਼ਨਲ ਹਾਈਵੇ-11ਬੀ ‘ਤੇ ਪਿੰਡ ਸੰਨੀਪੁਰ ਨੇੜੇ ਟੈਂਪੂ ਨੂੰ ਟੱਕਰ ਮਾਰ ਦਿੱਤੀ।
ਹਾਦਸੇ ਤੋਂ ਬਾਅਦ ਮੌਕੇ ‘ਤੇ ਹਾਹਾਕਾਰ ਮੱਚ ਗਈ। ਇਸ ਦੌਰਾਨ ਹਾਈਵੇਅ ਤੋਂ ਲੰਘ ਰਹੇ ਹੋਰ ਵਾਹਨਾਂ ਨੇ ਮੌਕੇ ‘ਤੇ ਰੋਕ ਕੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਟੈਂਪੂ ਸਵਾਰ ਲੋਕਾਂ ਨੂੰ ਬਾਰੀ ਹਸਪਤਾਲ ਪਹੁੰਚਾਇਆ। ਹਾਦਸੇ ਵਿੱਚ ਬੱਸ ਵੀ ਨੁਕਸਾਨੀ ਗਈ, ਜਿਸ ਨੂੰ ਪੁਲੀਸ ਨੇ ਜ਼ਬਤ ਕਰ ਲਿਆ।
ਬਾਰੀ ਕੋਤਵਾਲੀ ਥਾਣੇ ਦੇ ਐਸਐਚਓ ਸ਼ਿਵਲਹਾਰੀ ਮੀਨਾ ਨੇ ਦੱਸਿਆ ਕਿ ਇਹ ਟੈਂਪੂ ਇਰਫਾਨ ਉਰਫ ਬੰਟੀ (38) ਪੁੱਤਰ ਬੱਬੂ ਵਾਸੀ ਗੁੰਮਟ ਦਾ ਸੀ। ਸੰਨੀਪੁਰ ਨੇੜੇ ਬੱਸ ਨੇ ਟੈਂਪੂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ 3 ਔਰਤਾਂ ਅਤੇ 8 ਬੱਚਿਆਂ ਸਮੇਤ 12 ਲੋਕਾਂ ਦੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਇਰਫਾਨ ਉਰਫ ਬੰਟੀ (38), ਉਸ ਦੀ ਪਤਨੀ ਜੂਲੀ (34), ਬੇਟੀ ਆਸਮਾ (14), ਪੁੱਤਰ ਸਲਮਾਨ (8), ਸਾਕਿਰ (6), ਇਰਫਾਨ ਦੇ ਭਤੀਜੇ ਪੁੱਤਰ ਸਨੀਫ (9), ਪੁੱਤਰ ਆਸਿਫ (5), ਅਜ਼ਾਨ (5) ਵਜੋਂ ਹੋਈ ਹੈ। ਹਾਦਸੇ ‘ਚ ਪੁੱਤਰ ਆਸਿਫ, ਜ਼ਰੀਨ (35), ਪਤਨੀ ਨਾਹਨੂ, ਉਨ੍ਹਾਂ ਦੀਆਂ ਬੇਟੀਆਂ ਆਸਿਆਨਾ (10), ਸੂਫੀ (7), ਪਰਵੀਨ (32), ਪਤਨੀ ਜ਼ਹੀਰ ਖਾਨ, ਪੁੱਤਰ ਦਾਨਿਸ਼ (10) ਦੀ ਮੌਤ ਹੋ ਗਈ। ਸਾਜਿਦ (10) ਪੁੱਤਰ ਆਸਿਫ ਨੂੰ ਧੌਲਪੁਰ ਤੋਂ ਜੈਪੁਰ ਰੈਫਰ ਕਰ ਦਿੱਤਾ ਗਿਆ ਹੈ।
ਬਾਰੀ ਹਸਪਤਾਲ ਦੇ ਪੀਐਮਓ ਡਾਕਟਰ ਹਰੀਕਿਸ਼ਨ ਮੰਗਲ ਨੇ ਦੱਸਿਆ ਕਿ ਇਹ ਘਟਨਾ ਰਾਤ ਕਰੀਬ 11 ਵਜੇ ਵਾਪਰੀ। ਜ਼ਖਮੀਆਂ ਨੂੰ ਰਾਤ 12 ਵਜੇ ਬਾਰੀ ਹਸਪਤਾਲ ਲਿਆਂਦਾ ਗਿਆ। ਮੈਡੀਕਲ ਟੀਮ ਨੇ ਸਾਰਿਆਂ ਨੂੰ ਤੁਰੰਤ ਇਲਾਜ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ। 14 ਲੋਕਾਂ ਨੂੰ ਹਸਪਤਾਲ ਲਿਆਂਦਾ ਗਿਆ, ਜਿਨ੍ਹਾਂ ਵਿੱਚੋਂ 10 ਦੀ ਮੌਤ ਹੋ ਗਈ। ਚਾਰ ਜ਼ਖਮੀਆਂ ਨੂੰ ਗੰਭੀਰ ਹਾਲਤ ‘ਚ ਧੌਲਪੁਰ ਰੈਫਰ ਕਰ ਦਿੱਤਾ ਗਿਆ ਪਰ ਦੋ ਦੀ ਰਸਤੇ ‘ਚ ਹੀ ਮੌਤ ਹੋ ਗਈ। 2 ਜ਼ਖਮੀ ਧੌਲਪੁਰ ਹਸਪਤਾਲ ‘ਚ ਜ਼ੇਰੇ ਇਲਾਜ ਹਨ।