- ਵੀਅਤਨਾਮ ਤੋਂ ਲਿਆਂਦੇ 22.5 ਲੱਖ ਦੇ ਪਿਸਤੌਲ
ਨਵੀਂ ਦਿੱਲੀ, 14 ਜੁਲਾਈ 2022 – ਦਿੱਲੀ ਏਅਰਪੋਰਟ ‘ਤੇ ਕਸਟਮ ਵਿਭਾਗ ਨੇ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਇੱਥੇ ਇੱਕ ਪਤੀ-ਪਤਨੀ ਨੂੰ 45 Hand-Gun ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਬਰਾਮਦ ਪਿਸਤੌਲਾਂ ਦੀ ਕੀਮਤ 22 ਲੱਖ 50 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ। ਗ੍ਰਿਫਤਾਰ ਪਤੀ-ਪਤਨੀ ਵੀਅਤਨਾਮ ਤੋਂ ਪਿਸਤੌਲਾਂ ਲੈ ਕੇ ਪਰਤੇ ਸਨ। ਫਿਲਹਾਲ ਪੁਲਸ ਦੋਵਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਫੜੇ ਗਏ ਮੁਲਜ਼ਮਾਂ ਦੇ ਨਾਂ ਜਗਜੀਤ ਸਿੰਘ ਅਤੇ ਜਸਵਿੰਦਰ ਕੌਰ ਹਨ। ਦੋਵੇਂ ਪਤੀ-ਪਤਨੀ ਹਨ। ਦੋਵੇਂ 10 ਜੁਲਾਈ ਨੂੰ ਵੀਅਤਨਾਮ ਤੋਂ ਵਾਪਸ ਆਏ ਸਨ। ਵੀਅਤਨਾਮ ਤੋਂ ਵਾਪਸ ਆਉਂਦੇ ਸਮੇਂ ਜਗਜੀਤ ਆਪਣੇ ਨਾਲ ਦੋ ਟਰਾਲੀ ਬੈਗ ਲੈ ਕੇ ਆਇਆ ਸੀ।
ਇਹ ਬੈਗ ਜਗਜੀਤ ਨੂੰ ਉਸ ਦੇ ਭਰਾ ਮਨਜੀਤ ਨੇ ਵੀਅਤਨਾਮ ਵਿੱਚ ਦਿੱਤੇ ਸਨ। ਮਨਜੀਤ ਬੈਗ ਦੀ ਡਿਲੀਵਰੀ ਕਰਨ ਲਈ ਪੈਰਿਸ, ਫਰਾਂਸ ਤੋਂ ਵੀਅਤਨਾਮ ਆਇਆ ਸੀ। ਫੜੇ ਗਏ ਦੋਸ਼ੀਆਂ ਨੇ ਮੰਨਿਆ ਹੈ ਕਿ ਉਹ ਪਹਿਲਾਂ ਵੀ ਤੁਰਕੀ ਤੋਂ 25 ਪਿਸਤੌਲਾਂ ਲੈ ਕੇ ਆਏ ਹਨ।

ਦੋਵੇਂ ਵੀਅਤਨਾਮ ਦੇ ਜੋ ਹੋ ਚੀ ਮਿਨਹ ਤੋਂ ਫਲਾਈਟ ਰਾਹੀਂ ਦਿੱਲੀ ਪਹੁੰਚੇ ਸਨ। ਕਸਟਮ ਵਿਭਾਗ ਨੂੰ ਮੁਲਜ਼ਮ ਬਾਰੇ ਸੂਚਨਾ ਮਿਲੀ ਸੀ। ਉਹਨਾਂ ਨੂੰ ਗ੍ਰੀਨ ਚੈਨਲ ਪਾਰ ਕਰਕੇ ਬਾਹਰ ਨਿਕਲਣ ਵਾਲੇ ਗੇਟ ਵੱਲ ਜਾਂਦੇ ਸਮੇਂ ਰੋਕ ਲਿਆ ਗਿਆ। ਦਿੱਲੀ ਹਵਾਈ ਅੱਡੇ ‘ਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ 2 ਸਾਲਾ ਬੇਟੀ ਯਾਸਮੀਨ ਕੌਰ ਮਾਹਲ ਵੀ ਮੌਜੂਦ ਸੀ।
ਪਤੀ-ਪਤਨੀ ਦੀ ਗ੍ਰਿਫਤਾਰੀ ਤੋਂ ਬਾਅਦ ਲੜਕੀ ਨੂੰ ਉਸ ਦੀ ਦਾਦੀ ਦੇ ਹਵਾਲੇ ਕਰ ਦਿੱਤਾ ਗਿਆ ਹੈ। ਦੋਵੇਂ ਡਿਫੈਂਸ ਕਲੋਨੀ ਭੋਂਡਸੀ ਗੁੜਗਾਓਂ ਦੇ ਵਸਨੀਕ ਹਨ। ਫਿਲਹਾਲ ਪੁਲਸ ਦੋਵਾਂ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਉਹਨਾਂ ਦਾ ਮਕਸਦ ਕੀ ਸੀ।
