- ਵਿਰੋਧੀ ਧਿਰ ਨੂੰ ਇਹ ਅਹੁਦਾ ਦੇਣ ਦੀ ਹੈ ਰਵਾਇਤ
- ਪਿਛਲੀ ਲੋਕ ਸਭਾ ‘ਚ ਨਹੀਂ ਸੀ ਡਿਪਟੀ ਸਪੀਕਰ
ਨਵੀਂ ਦਿੱਲੀ, 16 ਜੂਨ 2024 – 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਅਗਲੇ ਹਫਤੇ ਯਾਨੀ 24 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਹ ਸੈਸ਼ਨ 9 ਦਿਨ ਯਾਨੀ 3 ਜੁਲਾਈ ਤੱਕ ਚੱਲੇਗਾ। ਲੋਕ ਸਭਾ ਸਪੀਕਰ ਦੀ ਚੋਣ ਦੀ ਪ੍ਰਕਿਰਿਆ 26 ਜੂਨ ਤੋਂ ਸ਼ੁਰੂ ਹੋਵੇਗੀ। ਖਬਰਾਂ ਹਨ ਕਿ ਭਾਜਪਾ ਓਮ ਬਿਰਲਾ ਨੂੰ ਦੂਜੀ ਵਾਰ ਸਪੀਕਰ ਬਣਾ ਸਕਦੀ ਹੈ, ਜਦਕਿ ਚੰਦਰਬਾਬੂ ਨਾਇਡੂ ਦੀ ਟੀਡੀਪੀ ਅਤੇ ਨਿਤੀਸ਼ ਕੁਮਾਰ ਦੀ ਜੇਡੀਯੂ ਸਪੀਕਰ ਦੇ ਅਹੁਦੇ ਦੀ ਮੰਗ ਕਰ ਰਹੀ ਹੈ।
ਇਧਰ ਲੋਕ ਸਭਾ ਵਿੱਚ ਵਿਰੋਧੀ ਧਿਰ ਦਾ I.N.D.I.A ਗਰੁੱਪ ਵੀ ਮਜ਼ਬੂਤ ਸਥਿਤੀ ਵਿੱਚ ਹੈ। ਅਜਿਹੇ ‘ਚ ਉਨ੍ਹਾਂ ਨੂੰ ਉਮੀਦ ਹੈ ਕਿ ਡਿਪਟੀ ਸਪੀਕਰ ਦਾ ਅਹੁਦਾ ਵਿਰੋਧੀ ਧਿਰ ਦੇ ਕਿਸੇ ਸੰਸਦ ਮੈਂਬਰ ਨੂੰ ਦਿੱਤਾ ਜਾਵੇਗਾ। ਹਾਲਾਂਕਿ ਇੰਡੀਆ ਟੂਡੇ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਜੇਕਰ ਵਿਰੋਧੀ ਧਿਰ ਦੇ ਸੰਸਦ ਮੈਂਬਰ ਨੂੰ ਡਿਪਟੀ ਸਪੀਕਰ ਦਾ ਅਹੁਦਾ ਨਹੀਂ ਮਿਲਿਆ ਤਾਂ ਵਿਰੋਧੀ ਖੇਮ ਸਪੀਕਰ ਦੇ ਅਹੁਦੇ ਲਈ ਆਪਣਾ ਉਮੀਦਵਾਰ ਖੜ੍ਹਾ ਕਰੇਗਾ।
ਵਿਰੋਧੀ ਧਿਰ ਨੂੰ ਡਿਪਟੀ ਸਪੀਕਰ ਦਾ ਅਹੁਦਾ ਦੇਣ ਦੀ ਰਵਾਇਤ ਰਹੀ ਹੈ। 16ਵੀਂ ਲੋਕ ਸਭਾ ਵਿੱਚ ਐਨਡੀਏ ਦਾ ਹਿੱਸਾ ਰਹੇ ਏਆਈਏਡੀਐਮਕੇ ਦੇ ਥੰਬੀਦੁਰਾਈ ਨੂੰ ਇਹ ਅਹੁਦਾ ਦਿੱਤਾ ਗਿਆ ਸੀ। ਜਦੋਂ ਕਿ 17ਵੀਂ ਲੋਕ ਸਭਾ ਵਿੱਚ ਕਿਸੇ ਨੂੰ ਵੀ ਡਿਪਟੀ ਸਪੀਕਰ ਨਹੀਂ ਬਣਾਇਆ ਗਿਆ।
ਸਪੀਕਰ ਦਾ ਅਹੁਦਾ ਸੱਤਾਧਾਰੀ ਪਾਰਟੀ ਜਾਂ ਗੱਠਜੋੜ ਦੀ ਤਾਕਤ ਦਾ ਪ੍ਰਤੀਕ ਹੈ। ਇਸ ਦੇ ਨਾਲ ਹੀ ਲੋਕ ਸਭਾ ਦੇ ਕੰਮਕਾਜ ‘ਤੇ ਸਿਰਫ਼ ਸਪੀਕਰ ਦਾ ਹੀ ਕੰਟਰੋਲ ਹੈ। ਸੰਵਿਧਾਨ ਵਿੱਚ ਸਪੀਕਰ ਦੇ ਨਾਲ ਡਿਪਟੀ ਸਪੀਕਰ ਦੀ ਚੋਣ ਦਾ ਵੀ ਪ੍ਰਬੰਧ ਹੈ, ਜੋ ਸਪੀਕਰ ਦੀ ਗੈਰ-ਹਾਜ਼ਰੀ ਵਿੱਚ ਆਪਣਾ ਫਰਜ਼ ਨਿਭਾਉਂਦਾ ਹੈ।