ਨਵੀਂ ਦਿੱਲੀ, 27 ਮਈ 2022 – ਨਵੀਂ ਦਿੱਲੀ ਦੇ ਤਿਆਗਰਾਜ ਸਟੇਡੀਅਮ ਵਿੱਚ ਕੁੱਤੇ ਦੀ ਸੈਰ ਕਰਨਾ ਆਈਏਐਸ ਅਫਸਰ ਅਤੇ ਉਸ ਦੀ ਆਈਏਐਸ ਅਫਸਰ ਪਤਨੀ ਦੋਵਾਂ ਨੂੰ ਮਹਿੰਗਾ ਪਿਆ ਹੈ। ਸਟੇਡੀਅਮ ‘ਚ ਕੁੱਤਿਆਂ ਦੇ ਘੁੰਮਣ ਦੀ ਖਬਰ ਵਾਇਰਲ ਹੋਣ ਤੋਂ ਬਾਅਦ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਨੇ ਦੋਵਾਂ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ।ਤਿਆਗਰਾਜ ਸਟੇਡੀਅਮ ‘ਚ ਸਹੂਲਤਾਂ ਦੀ ਦੁਰਵਰਤੋਂ ਦੇ ਮਾਮਲੇ ‘ਚ ਸੰਜੀਵ ਖੀਰਵਾਰ ਨੂੰ ਦਿੱਲੀ ਤੋਂ ਲੱਦਾਖ ਅਤੇ ਅਤੇ ਉਨ੍ਹਾਂ ਦੀ ਪਤਨੀ ਰਿੰਕੂ ਦੁੱਗਾ ਦਾ ਤਬਾਦਲਾ ਦਿੱਲੀ ਤੋਂ ਅਰੁਣਾਚਲ ਪ੍ਰਦੇਸ਼ ਕਰ ਦਿੱਤਾ ਗਿਆ ਹੈ।
ਦੱਸ ਦਈਏ ਕਿ ਆਈਏਐਸ ਅਧਿਕਾਰੀ ਅਤੇ ਉਨ੍ਹਾਂ ਦੀ ਪਤਨੀ ‘ਤੇ ਦੋਸ਼ ਹੈ ਕਿ ਸੰਜੀਵ ਖੀਰਵਾਰ ਆਪਣੇ ਕੁੱਤੇ ਦੇ ਨਾਲ ਤਿਆਗਰਾਜ ਸਟੇਡੀਅਮ ‘ਚ ਸੈਰ ਕਰਨ ਲਈ ਆਉਂਦੇ ਸਨ, ਜਿਸ ਕਾਰਨ ਖਿਡਾਰੀਆਂ ਅਤੇ ਕੋਚ ਨੂੰ ਅਭਿਆਸ ‘ਚ ਪਰੇਸ਼ਾਨੀ ਹੁੰਦੀ ਸੀ। ਅਭਿਆਸ ਵਿੱਚ ਵਿਘਨ ਕਾਰਨ ਪਰੇਸ਼ਾਨ ਕੁਝ ਖਿਡਾਰੀਆਂ ਨੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਆਪਣਾ ਤਬਾਦਲਾ ਕਰਵਾ ਲਿਆ ਹੈ। ਜਿਸ ਤੋਂ ਬਾਅਦ ਇਸ ਬਾਰੇ ਪਤਾ ਚਲਦੇ ਹੀ ਇਹ ਕਾਰਵਾਈ ਕੀਤੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਇਸ ਅਫਸਰ ਜੋੜੇ ‘ਤੇ ਦੋਸ਼ ਲੱਗ ਰਹੇ ਸਨ ਕਿ ਇਹ ਦੋਵੇ ਦਿੱਲੀ ਸਰਕਾਰ ਦੁਆਰਾ ਸੰਚਾਲਿਤ ਤਿਆਗਰਾਜ ਸਟੇਡੀਅਮ ਵਿੱਚ ਅਥਲੀਟਾਂ ਅਤੇ ਕੋਚਾਂ ਨੂੰ ਸ਼ਾਮ 7 ਵਜੇ ਤੱਕ ਸਮੇਟਣ ਲਈ ਮਜਬੂਰ ਕਰ ਰਹੇ ਸੀ ਤਾਂ ਜੋ ਜੋੜਾ ਆਪਣੇ ਕੁੱਤੇ ਨੂੰ ਕੰਪਲੈਕਸ ਵਿੱਚ ਘੁੰਮਾ ਸਕੇ।