ਜੰਮੂ, 2 ਜਨਵਰੀ 2023 – ਜੰਮੂ ਦੇ ਰਾਜੌਰੀ ਦੇ ਡੰਗਰੀ ਪਿੰਡ ਵਿੱਚ ਸੋਮਵਾਰ ਸਵੇਰੇ ਇੱਕ ਆਈਈਡੀ ਧਮਾਕਾ ਹੋਇਆ। ਇਸ ਧਮਾਕੇ ‘ਚ ਇੱਕ ਬੱਚੀ ਦੀ ਮੌਤ ਹੋ ਗਈ ਹੈ ਜਦੋਂ ਕੇ 5 ਜ਼ਖਮੀ ਹੋਏ ਹਨ ਅਤੇ ਇਨ੍ਹਾਂ ‘ਚੋਂ ਇਕ ਦੀ ਹਾਲਤ ਗੰਭੀਰ ਹੈ। ਧਮਾਕਾ ਉਨ੍ਹਾਂ ਤਿੰਨ ਘਰਾਂ ਵਿੱਚੋਂ ਇੱਕ ਵਿੱਚ ਹੋਇਆ ਜਿੱਥੇ ਐਤਵਾਰ ਸ਼ਾਮ ਨੂੰ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ ਸੀ। ਇਸ ਅੱਤਵਾਦੀ ਹਮਲੇ ‘ਚ 4 ਹਿੰਦੂਆਂ ਦੀ ਜਾਨ ਚਲੀ ਗਈ ਅਤੇ 7 ਜ਼ਖਮੀ ਹੋਏ ਸਨ।
ਏਡੀਜੀਪੀ ਮੁਕੇਸ਼ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ। ਇੱਕ ਆਈਈਡੀ ਮਿਲੀ ਸੀ, ਇਸ ਨੂੰ ਇਲਾਕੇ ਤੋਂ ਹਟਾ ਦਿੱਤਾ ਗਿਆ ਹੈ। ਸਰਚ ਆਪਰੇਸ਼ਨ ਜਾਰੀ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਐਤਵਾਰ ਸ਼ਾਮ ਨੂੰ ਹੋਈ ਗੋਲੀਬਾਰੀ ਤੋਂ ਬਾਅਦ ਹੀ ਅੱਤਵਾਦੀਆਂ ਨੇ ਘਰ ‘ਚ ਆਈ.ਈ.ਡੀ. ਲਾ ਦਿੱਤੀ ਸੀ।
ਡਾਂਗਰੀ ‘ਚ ਹਿੰਦੂਆਂ ਦੇ ਕਤਲ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਦੇ ਖਤਮ ਹੋਣ ਤੋਂ ਥੋੜ੍ਹੀ ਦੇਰ ਬਾਅਦ ਹੀ ਇਕ ਘਰ ਵਿਚ ਧਮਾਕਾ ਹੋਇਆ ਅਤੇ ਹਫੜਾ-ਦਫੜੀ ਮਚ ਗਈ। ਇਸ ਤੋਂ ਬਾਅਦ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਲੋਕਾਂ ਨੇ ਦੱਸਿਆ ਕਿ ਐਤਵਾਰ ਸ਼ਾਮ ਨੂੰ ਅੱਤਵਾਦੀ ਆਏ ਅਤੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ‘ਚੋਂ ਬਾਹਰ ਕੱਢ ਲਿਆ ਸੀ। ਉਹ ਹਰ ਕਿਸੇ ਦਾ ਆਧਾਰ ਕਾਰਡ ਦੇਖ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਹਮਲੇ ਵਿੱਚ ਸਤੀਸ਼ ਕੁਮਾਰ (45), ਪ੍ਰੀਤਮ ਲਾਲ (56), ਸ਼ਿਵਪਾਲ (32) ਮਾਰੇ ਗਏ ਸਨ, ਚੌਥੇ ਮ੍ਰਿਤਕ ਦਾ ਨਾਂ ਅਜੇ ਸਾਹਮਣੇ ਨਹੀਂ ਆਇਆ ਹੈ।
ਸ਼੍ਰੀਨਗਰ ਦੇ ਹਵਾਲ ਚੌਕ ‘ਤੇ ਐਤਵਾਰ ਸ਼ਾਮ ਕਰੀਬ 6 ਵਜੇ ਅੱਤਵਾਦੀਆਂ ਨੇ ਸੀਆਰਪੀਐੱਫ ਦੇ ਬੰਕਰ ‘ਤੇ ਗ੍ਰਨੇਡ ਨਾਲ ਹਮਲਾ ਕੀਤਾ। ਇਸ ਹਮਲੇ ਵਿੱਚ ਜਵਾਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਪਰ ਇੱਕ ਨਾਗਰਿਕ ਸਮੀਰ ਅਹਿਮਤ ਮੱਲਾ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਇਸ ਦੀ ਕੋਈ ਤਸਵੀਰ ਸਾਹਮਣੇ ਨਹੀਂ ਆਈ ਹੈ।