ਨਵੀਂ ਦਿੱਲੀ, 23 ਮਾਰਚ 2022 – ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਲੋਕ ਸਭਾ ‘ਚ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਆਉਣ ਵਾਲੇ 3 ਮਹੀਨਿਆਂ ਦੇ ਅੰਦਰ ਕਈ ਨਾਜਾਇਜ਼ ਟੋਲ ਨਾਕਿਆਂ ਨੂੰ ਬੰਦ ਕਰਨ ਜਾ ਰਹੀ ਹੈ।
ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਲੋਕ ਸਭਾ ‘ਚ ਘੋਸ਼ਣਾ ਕੀਤੀ ਕਿ ਰਾਸ਼ਟਰੀ ਰਾਜਮਾਰਗਾਂ ‘ਤੇ ਇੱਕ ਦੂਜੇ ਤੋਂ 60 ਕਿਲੋਮੀਟਰ ਦੇ ਦਾਇਰੇ ‘ਚ ਆਉਣ ਵਾਲੇ ਸਾਰੇ ਟੋਲ ਪੁਆਇੰਟ ਅਗਲੇ ਤਿੰਨ ਮਹੀਨਿਆਂ ‘ਚ ਬੰਦ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ 60 ਕਿਲੋਮੀਟਰ ਦੀ ਦੂਰੀ ਦੇ ਅੰਦਰ ਸਿਰਫ਼ ਇਕ ਟੋਲ ਵਸੂਲੀ ਹੋਵੇਗੀ।
ਨਿਤਿਨ ਗਡਕਰੀ ਨੇ ਕਿਹਾ ਕਿ ਦੇਸ਼ ਵਿੱਚ 60 ਕਿਲੋਮੀਟਰ ਤੋਂ ਘੱਟ ਦੀ ਦੂਰੀ ਵਿੱਚ ਕੋਈ ਟੋਲ ਨਾਕਾ ਨਹੀਂ ਹੋ ਸਕਦਾ। ਪਰ ਕਈ ਥਾਵਾਂ ‘ਤੇ ਅਜਿਹੇ ਟੋਲ ਨਾਕੇ ਚੱਲ ਰਹੇ ਹਨ। ਗਡਕਰੀ ਨੇ ਕਿਹਾ, ”ਅੱਜ ਮੈਂ ਸਦਨ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਸਰਕਾਰ ਅਗਲੇ 3 ਮਹੀਨਿਆਂ ਦੇ ਅੰਦਰ ਅਜਿਹੇ ਸਾਰੇ ਟੋਲ ਨਾਕਿਆਂ ਨੂੰ ਬੰਦ ਕਰਨ ਜਾ ਰਹੀ ਹੈ। ਕਿਉਂਕਿ ਇਹ ਗਲਤ ਕੰਮ ਹੈ ਅਤੇ ਅਜਿਹੇ ਟੋਲ ਨਾਕਿਆਂ ਨੂੰ ਚਲਾਉਣਾ ਗੈਰ-ਕਾਨੂੰਨੀ ਹੈ।
ਦੇਸ਼ ਦੇ ਬਹੁਤ ਸਾਰੇ ਖੇਤਰਾਂ ਵਿੱਚ, ਲੋਕਾਂ ਨੂੰ ਨੇੜੇ ਜਾਂ ਬਹੁਤ ਘੱਟ ਦੂਰੀ ‘ਤੇ ਜਾਣ ਲਈ ਵੀ ਟੋਲ ਅਦਾ ਕਰਨਾ ਪੈਂਦਾ ਹੈ, ਕਿਉਂਕਿ ਨਵੀਆਂ ਸੜਕਾਂ ਅਤੇ ਰਾਜਮਾਰਗਾਂ ਦੇ ਨਿਰਮਾਣ ਕਾਰਨ ਉਨ੍ਹਾਂ ਦੇ ਪਿੰਡਾਂ ਦੀ ਦੂਰੀ ਵਿਚਕਾਰ ਟੋਲ ਬਲਾਕ ਹੋ ਜਾਂਦੇ ਹਨ। ਇਸ ਸਮੱਸਿਆ ਦੇ ਹੱਲ ਬਾਰੇ ਸਦਨ ਦੇ ਸੁਝਾਅ ਨੂੰ ਸਵੀਕਾਰ ਕਰਦਿਆਂ ਨਿਤਿਨ ਗਡਕਰੀ ਨੇ ਕਿਹਾ ਕਿ ਸਰਕਾਰ ਉਸ ਖੇਤਰ ਦੇ ਲੋਕਾਂ ਨੂੰ ਆਧਾਰ ਕਾਰਡ ਦੇ ਹਿਸਾਬ ਨਾਲ ਪਾਸ ਜਾਰੀ ਕਰੇਗੀ।
ਨਿਤਿਨ ਗਡਕਰੀ ਨੇ ਸਦਨ ਨੂੰ ਦੱਸਿਆ ਕਿ ਦੇਸ਼ ਵਿੱਚ ਸੜਕ ਸੁਰੱਖਿਆ ਨੂੰ ਵਧਾਉਣਾ ਬਹੁਤ ਜ਼ਰੂਰੀ ਹੈ। ਅਸੀਂ ਸਰਕਾਰ ਦੀ ਤਰਫੋਂ ਇਹ ਕੰਮ ਕੀਤਾ ਹੈ ਕਿ ਹੁਣ ਜੇਕਰ ਦੇਸ਼ ‘ਚ ਕੋਈ ਵੀ ਗੱਡੀ ਬਣਦੀ ਹੈ ਤਾਂ ਉਸ ‘ਚ 6 ਏਅਰਬੈਗ ਲਾਜ਼ਮੀ ਹੋਣਗੇ। ਇਸ ਦੇ ਨਾਲ ਹੀ ਅਸੀਂ ਸੜਕ ਇੰਜੀਨੀਅਰਿੰਗ ਨੂੰ ਬਿਹਤਰ ਬਣਾਉਣ ‘ਤੇ ਵੀ ਕੰਮ ਕਰ ਰਹੇ ਹਾਂ।
ਉਨ੍ਹਾਂ ਕਿਹਾ ਕਿ ਇਸ ਸਮੇਂ ਵਿਸ਼ਵ ਵਿੱਚ 11 ਫੀਸਦੀ ਸੜਕ ਹਾਦਸੇ ਭਾਰਤ ਵਿੱਚ ਹੁੰਦੇ ਹਨ। ਹਰ ਸਾਲ ਕਰੀਬ 5 ਲੱਖ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ, ਜਿਨ੍ਹਾਂ ਵਿੱਚ ਡੇਢ ਲੱਖ ਦੇ ਕਰੀਬ ਲੋਕਾਂ ਦੀ ਮੌਤ ਹੋ ਜਾਂਦੀ ਹੈ। ਸਾਨੂੰ ਇਸ ਨੂੰ ਹੇਠਾਂ ਲਿਆਉਣ ਲਈ ਜ਼ੋਰ ਦੇਣਾ ਪਵੇਗਾ।