ਨਵੀਂ ਦਿੱਲੀ, 15 ਅਕਤੂਬਰ 2024 – ਕੈਨੇਡਾ ਨਾਲ ਸਬੰਧਾਂ ਵਿੱਚ ਤਣਾਅ ਦਰਮਿਆਨ ਭਾਰਤ ਨੇ ਸੋਮਵਾਰ, 14 ਅਕਤੂਬਰ ਨੂੰ ਕਾਰਜਕਾਰੀ ਹਾਈ ਕਮਿਸ਼ਨਰ ਸਟੀਵਰਟ ਰੌਸ ਵ੍ਹੀਲਰ ਸਮੇਤ 6 ਕੈਨੇਡੀਅਨ ਡਿਪਲੋਮੈਟਾਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ। ਉਨ੍ਹਾਂ ਨੂੰ 19 ਅਕਤੂਬਰ ਦੀ ਅੱਧੀ ਰਾਤ 12 ਤੱਕ ਦਾ ਸਮਾਂ ਦਿੱਤਾ ਗਿਆ ਹੈ। ਦੂਜੇ ਪਾਸੇ ਰਾਇਟਰਜ਼ ਦੀ ਰਿਪੋਰਟ ਮੁਤਾਬਕ ਕੈਨੇਡਾ ਨੇ ਵੀ ਭਾਰਤ ਦੇ 6 ਡਿਪਲੋਮੈਟਾਂ ਨੂੰ ਦੇਸ਼ ਛੱਡਣ ਲਈ ਕਿਹਾ ਹੈ।
ਇਸ ਤੋਂ ਪਹਿਲਾਂ ਭਾਰਤੀ ਵਿਦੇਸ਼ ਮੰਤਰਾਲੇ ਨੇ ਕੈਨੇਡਾ ਵਿੱਚ ਆਪਣੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੂੰ ਵੀ ਵਾਪਸ ਬੁਲਾ ਲਿਆ ਹੈ। ਦਰਅਸਲ, ਇਹ ਕਾਰਵਾਈ ਐਤਵਾਰ ਨੂੰ ਟਰੂਡੋ ਸਰਕਾਰ ਵੱਲੋਂ ਭੇਜੇ ਗਏ ਪੱਤਰ ਤੋਂ ਬਾਅਦ ਹੋਈ ਹੈ। ਇਸ ਵਿੱਚ ਭਾਰਤੀ ਹਾਈ ਕਮਿਸ਼ਨਰ ਅਤੇ ਕੁਝ ਹੋਰ ਡਿਪਲੋਮੈਟਾਂ ਨੂੰ ਕੈਨੇਡੀਅਨ ਨਾਗਰਿਕ ਦੇ ਕਤਲ ਵਿੱਚ ਸ਼ੱਕੀ ਵਜੋਂ ਨਾਮਜ਼ਦ ਕੀਤਾ ਗਿਆ ਸੀ। ਹਾਲਾਂਕਿ ਕੈਨੇਡੀਅਨ ਨਾਗਰਿਕ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਪਰ ਇਸ ਨੂੰ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਨਾਲ ਜੋੜਿਆ ਜਾ ਰਿਹਾ ਹੈ।
ਇਸ ਤੋਂ ਇੱਕ ਦਿਨ ਬਾਅਦ ਅੱਜ ਸ਼ਾਮ 6 ਵਜੇ ਭਾਰਤ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਕੈਨੇਡਾ ਦੇ ਰਾਜਦੂਤ ਨੂੰ ਤਲਬ ਕਰਕੇ ਕਿਹਾ, ‘ਕੈਨੇਡਾ ਵੱਲੋਂ ਲਾਏ ਗਏ ਦੋਸ਼ ਬੇਬੁਨਿਆਦ ਹਨ।’ ਇਸ ਤੋਂ ਬਾਅਦ ਭਾਰਤ ਨੇ ਕੈਨੇਡਾ ਵਿੱਚ ਆਪਣੇ ਹਾਈ ਕਮਿਸ਼ਨਰ ਅਤੇ ਹੋਰ ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਦੀ ਜਾਣਕਾਰੀ ਦਿੱਤੀ।
ਭਾਰਤ ਵਿੱਚ ਕੈਨੇਡਾ ਦੇ ਡਿਪਟੀ ਹਾਈ ਕਮਿਸ਼ਨਰ ਸਟੂਅਰਟ ਵ੍ਹੀਲਰ ਨੇ ਵਿਦੇਸ਼ ਮੰਤਰਾਲਾ ਛੱਡਣ ਤੋਂ ਬਾਅਦ ਕਿਹਾ, ‘ਕੈਨੇਡਾ ਸਰਕਾਰ ਨੇ ਉਹੀ ਕੀਤਾ ਹੈ ਜਿਸ ਦੀ ਭਾਰਤ ਲੰਬੇ ਸਮੇਂ ਤੋਂ ਮੰਗ ਕਰ ਰਿਹਾ ਸੀ। ਅਸੀਂ ਕੈਨੇਡਾ ਦੀ ਧਰਤੀ ‘ਤੇ ਕੈਨੇਡੀਅਨ ਨਾਗਰਿਕ ਦੇ ਕਤਲ ਨਾਲ ਭਾਰਤੀ ਏਜੰਟਾਂ ਨੂੰ ਜੋੜਨ ਵਾਲੇ ਠੋਸ ਸਬੂਤ ਮੁਹੱਈਆ ਕਰਵਾਏ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਭਾਰਤ ਇਨ੍ਹਾਂ ਦੋਸ਼ਾਂ ‘ਤੇ ਕੀ ਕਾਰਵਾਈ ਕਰਦਾ ਹੈ। ਇਹ ਦੋਵਾਂ ਦੇਸ਼ਾਂ ਦੇ ਹਿੱਤ ਵਿੱਚ ਹੈ। ਕੈਨੇਡਾ ਸਹਿਯੋਗ ਲਈ ਤਿਆਰ ਹੈ।
ਉਥੇ ਹੀ ਭਾਰਤ ਵਿਦੇਸ਼ ਮੰਤਰਾਲੇ ਨੇ ਕਿਹਾ, ‘ਅਸੀਂ ਹਾਈ ਕਮਿਸ਼ਨਰ ਵਰਮਾ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਕੈਨੇਡੀਅਨ ਸਰਕਾਰ ‘ਤੇ ਭਰੋਸਾ ਨਹੀਂ ਕਰਦੇ। ਭਾਰਤ ਇਨ੍ਹਾਂ ਬੇਤੁਕੇ ਦੋਸ਼ਾਂ ਨੂੰ ਸਖ਼ਤੀ ਨਾਲ ਰੱਦ ਕਰਦਾ ਹੈ। ਇਸ ਦੇ ਪਿੱਛੇ ਟਰੂਡੋ ਸਰਕਾਰ ਦਾ ਸਿਆਸੀ ਏਜੰਡਾ ਹੈ, ਜੋ ਵੋਟ ਬੈਂਕ ਤੋਂ ਪ੍ਰੇਰਿਤ ਹੈ। ਕੈਨੇਡਾ ਲੰਬੇ ਸਮੇਂ ਤੋਂ ਅਜਿਹਾ ਕਰ ਰਿਹਾ ਹੈ। ਉਸ ਦੇ ਮੰਤਰੀ ਮੰਡਲ ਵਿੱਚ ਉਹ ਵਿਅਕਤੀ ਸ਼ਾਮਲ ਹਨ ਜੋ ਭਾਰਤ ਵਿਰੁੱਧ ਕੱਟੜਪੰਥੀ ਅਤੇ ਵੱਖਵਾਦੀ ਏਜੰਡੇ ਨਾਲ ਜੁੜੇ ਹੋਏ ਹਨ। ਟਰੂਡੋ ਨੇ ਸਤੰਬਰ 2023 ਵਿੱਚ ਕੁਝ ਦੋਸ਼ ਲਾਏ ਸਨ। ਹਾਲਾਂਕਿ ਕੈਨੇਡੀਅਨ ਸਰਕਾਰ ਨੇ ਕਈ ਵਾਰ ਕਹਿਣ ਦੇ ਬਾਵਜੂਦ ਇੱਕ ਵੀ ਸਬੂਤ ਭਾਰਤ ਸਰਕਾਰ ਨਾਲ ਸਾਂਝਾ ਨਹੀਂ ਕੀਤਾ। ਇਹ ਨਵਾਂ ਦੋਸ਼ ਵੀ ਇਸੇ ਤਰ੍ਹਾਂ ਲਾਇਆ ਗਿਆ ਹੈ।