ਮੁੰਬਈ, 20 ਅਗਸਤ 2025 – ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ ਟੀ-1 ‘ਤੇ ਮੰਗਲਵਾਰ ਨੂੰ ਇੱਕ ਘਟਨਾ ਵਾਪਰ ਜਾਣ ਦੀ ਸੂਚਨਾ ਮਿਲੀ ਹੈ। ਇੰਡੀਗੋ ਏਅਰਲਾਈਨ ਦੀ ਇੱਕ ਯਾਤਰੀ ਬੱਸ ਨੂੰ ਦੁਪਹਿਰ 12 ਤੋਂ 1 ਵਜੇ ਦੇ ਵਿਚਕਾਰ ਭਿਆਨਕ ਅੱਗ ਲੱਗ ਗਈ, ਜਿਸ ਨਾਲ ਮੌਕੇ ‘ਤੇ ਹਫ਼ੜਾ-ਦਫ਼ੜੀ ਮੱਚ ਗਈ। ਹਵਾਈ ਅੱਡੇ ਦੇ ਸਟਾਫ਼ ਨੇ ਤੁਰੰਤ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਅੱਗ ‘ਤੇ ਜਲਦੀ ਕਾਬੂ ਪਾ ਲਿਆ ਗਿਆ।
ਦੱਸ ਦੇਈਏ ਕਿ ਜਿਸ ਸਮੇਂ ਬੱਸ ਨੂੰ ਅੱਗ ਲੱਗੀ ਸੀ, ਉਸ ਸਮੇਂ ਬੱਸ ਖਾਲੀ ਸੀ ਅਤੇ ਇਸ ਵਿੱਚ ਕੋਈ ਯਾਤਰੀ ਸਵਾਰ ਨਹੀਂ ਸੀ। ਇਸ ਘਟਨਾ ਕਾਰਨ ਹਵਾਈ ਅੱਡੇ ਦੇ ਕੰਮਕਾਜ ਪ੍ਰਭਾਵਿਤ ਨਹੀਂ ਹੋਏ ਅਤੇ ਸਾਰੀਆਂ ਉਡਾਣਾਂ ਆਮ ਵਾਂਗ ਚੱਲਦੀਆਂ ਰਹੀਆਂ। ਪ੍ਰਸ਼ਾਸਨ ਨੇ ਯਾਤਰੀਆਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਆਮ ਗਤੀਵਿਧੀਆਂ ਜਾਰੀ ਰੱਖਣ ਦੀ ਅਪੀਲ ਕੀਤੀ ਹੈ। ਮੌਕੇ ‘ਤੇ ਪਹੁੰਚੀ ਪੁਲਸ ਵਲੋਂ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।

