- 99 ਸਾਲ ਦੀ ਉਮਰ ‘ਚ ਲਏ ਆਪਣੇ ਆਖਰੀ ਸਾਹ,
- ਹਾਲ ਹੀ ‘ਚ ਅਰਬਪਤੀਆਂ ਦੀ ਸੂਚੀ ‘ਚ ਹੋਏ ਸੀ ਸ਼ਾਮਲ,
- ਕੇਸ਼ਬ ਨੇ 48 ਸਾਲਾਂ ਤੱਕ ਮਹਿੰਦਰਾ ਗਰੁੱਪ ਦੀ ਕੀਤੀ ਸੀ ਅਗਵਾਈ,
- ਕੇਸ਼ਬ ਨੇ 2012 ਵਿੱਚ ਚੇਅਰਮੈਨ ਦਾ ਛੱਡ ਦਿੱਤਾ ਸੀ ਆਪਣਾ ਅਹੁਦਾ
ਨਵੀਂ ਦਿੱਲੀ, 12 ਅਪ੍ਰੈਲ 2023 – ਭਾਰਤ ਦੇ ਸਭ ਤੋਂ ਬਜ਼ੁਰਗ ਅਰਬਪਤੀ ਅਤੇ ਮਹਿੰਦਰਾ ਐਂਡ ਮਹਿੰਦਰਾ ਦੇ ਚੇਅਰਮੈਨ ਐਮਰੀਟਸ ਕੇਸ਼ਬ ਮਹਿੰਦਰਾ ਦਾ ਅੱਜ ਬੁੱਧਵਾਰ 12 ਅਪ੍ਰੈਲ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਨੇ 99 ਸਾਲ ਦੀ ਉਮਰ ‘ਚ ਆਪਣੇ ਆਖਰੀ ਸਾਹ ਲਏ। ਉਹ ਭਾਰਤ ਦੇ 16 ਨਵੇਂ ਅਰਬਪਤੀਆਂ ਵਿੱਚੋਂ 2023 ਦੀ ਫੋਰਬਸ ਅਰਬਪਤੀਆਂ ਦੀ ਹਾਲ ਹੀ ਵਿੱਚ ਜਾਰੀ ਕੀਤੀ ਗਈ ਸੂਚੀ ਵਿੱਚ ਸ਼ਾਮਲ ਸੀ। ਉਹ 1.2 ਬਿਲੀਅਨ ਡਾਲਰ ਦੀ ਜਾਇਦਾਦ ਨੂੰ ਪਿੱਛੇ ਛੱਡ ਗਏ ਹਨ। ਮਹਿੰਦਰਾ ਗਰੁੱਪ ਦੀ 48 ਸਾਲ ਤੱਕ ਅਗਵਾਈ ਕਰਨ ਤੋਂ ਬਾਅਦ ਉਨ੍ਹਾਂ ਨੇ 2012 ਵਿੱਚ ਚੇਅਰਮੈਨ ਦਾ ਅਹੁਦਾ ਛੱਡ ਦਿੱਤਾ ਸੀ।
ਸਵਰਗੀ ਕੇਸ਼ੁਬ ਮਹਿੰਦਰਾ ਨੇ 1947 ਵਿੱਚ ਆਪਣੇ ਪਿਤਾ ਦੀ ਕੰਪਨੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ 1963 ਵਿੱਚ ਉਨ੍ਹਾਂ ਨੂੰ ਮਹਿੰਦਰਾ ਗਰੁੱਪ ਦਾ ਚੇਅਰਮੈਨ ਬਣਾਇਆ ਗਿਆ। ਕੇਸ਼ਬ ਮਹਿੰਦਰਾ ਉਦਯੋਗਪਤੀ ਆਨੰਦ ਮਹਿੰਦਰਾ ਦੇ ਚਾਚਾ ਹਨ ਅਤੇ ਹੁਣ ਤੱਕ ਮਹਿੰਦਰਾ ਐਂਡ ਮਹਿੰਦਰਾ (M&M) ਦੇ ਚੇਅਰਮੈਨ ਐਮਰੀਟਸ ਸਨ। ਸਾਲ 2012 ਵਿੱਚ ਉਹਨਾਂ ਦੇ ਗਰੁੱਪ ਚੇਅਰਮੈਨ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਆਨੰਦ ਮਹਿੰਦਰਾ ਨੂੰ ਇਹ ਜ਼ਿੰਮੇਵਾਰੀ ਮਿਲੀ।
ਕੇਸ਼ਬ ਮਹਿੰਦਰਾ ਦਾ ਜਨਮ 9 ਅਕਤੂਬਰ 1923 ਨੂੰ ਸ਼ਿਮਲਾ ਵਿੱਚ ਹੋਇਆ ਸੀ। ਉਨ੍ਹਾਂ ਦੇ ਦੇਹਾਂਤ ‘ਤੇ ਪੂਰੇ ਕਾਰਪੋਰੇਟ ਜਗਤ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਉਹ ਪਿਛਲੇ ਦਿਨੀਂ ਆਪਣੀ ਉਮਰ ਦਾ ਸੈਂਕੜਾ ਲਗਾਉਣ ਤੋਂ ਠੀਕ ਪਹਿਲਾਂ ਅਰਬਪਤੀਆਂ ਦੀ ਸੂਚੀ ‘ਚ ਵਾਪਸੀ ਕਰਕੇ ਸੁਰਖੀਆਂ ‘ਚ ਰਹੇ ਸਨ ਅਤੇ ਕੁਝ ਦਿਨ ਬਾਅਦ ਹੀ ਉਨ੍ਹਾਂ ਦੀ ਮੌਤ ਦੀ ਖਬਰ ਆਈ। ਕੇਸ਼ਬ ਮਹਿੰਦਰਾ ਨੇ ਅਮਰੀਕਾ ਦੀ ਪੈਨਸਿਲਵੇਨੀਆ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਸੀ। 1963 ਵਿਚ ਮਹਿੰਦਰਾ ਗਰੁੱਪ ਦਾ ਚਾਰਜ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਕੰਪਨੀ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਇਆ।

ਆਪਣੇ ਕਾਰਜਕਾਲ ਦੌਰਾਨ, ਕੇਸ਼ਬ ਮਹਿੰਦਰਾ ਦਾ ਧਿਆਨ ਯੂਟਿਲਿਟੀ ਵਾਹਨਾਂ ਦੇ ਨਿਰਮਾਣ ਵਿੱਚ ਵਾਧਾ ਅਤੇ ਉਨ੍ਹਾਂ ਦੀ ਵਿਕਰੀ ਵਧਾਉਣ ‘ਤੇ ਸੀ। ਵਿਲੀਸ-ਜੀਪ ਨੂੰ ਇੱਕ ਵੱਖਰੀ ਪਛਾਣ ਦਿਵਾਉਣ ਵਿੱਚ ਉਸਦਾ ਅਹਿਮ ਯੋਗਦਾਨ ਸੀ। ਇੰਡੀਅਨ ਨੈਸ਼ਨਲ ਸਪੇਸ ਪ੍ਰਮੋਸ਼ਨ ਐਂਡ ਆਥੋਰਾਈਜ਼ੇਸ਼ਨ ਸੈਂਟਰ (ਇਨਸਪੇਸ) ਦੇ ਚੇਅਰਮੈਨ ਪਵਨ ਗੋਇਨਕਾ ਨੇ ਟਵੀਟ ਰਾਹੀਂ ਦੁੱਖ ਪ੍ਰਗਟ ਕੀਤਾ।
ਕੇਸ਼ਬ ਮਹਿੰਦਰਾ ਨੂੰ ਉਦਯੋਗ ਵਿੱਚ ਬੇਮਿਸਾਲ ਯੋਗਦਾਨ ਲਈ ਅਰਨਸਟ ਐਂਡ ਯੰਗ ਦੁਆਰਾ ਸਾਲ 2007 ਵਿੱਚ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਮਹਿੰਦਰਾ ਗਰੁੱਪ ਦੇ ਚੇਅਰਮੈਨ ਦੀ ਭੂਮਿਕਾ ਨਿਭਾਉਂਦੇ ਹੋਏ ਗਰੁੱਪ ਨੂੰ ਵੱਡੀਆਂ ਬੁਲੰਦੀਆਂ ‘ਤੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਮਰਹੂਮ ਭਾਰਤੀ ਉਦਯੋਗਪਤੀ ਨੂੰ 1987 ‘ਚ ਫਰਾਂਸ ਸਰਕਾਰ ਵੱਲੋਂ ਸ਼ੈਵਲੀਅਰ ਡੇ ਲ’ਆਰਡਰ ਨੈਸ਼ਨਲ ਡੇ ਲਾ ਲੀਜਨ ਡੀ’ਆਨਰ ਨਾਲ ਸਨਮਾਨਿਤ ਕੀਤਾ ਗਿਆ ਸੀ।
