ਨਵੀਂ ਦਿੱਲੀ, 21 ਅਪ੍ਰੈਲ 2022 – ਜਾਗੋ ਪਾਰਟੀ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਦਫਤਰ ਅਲਾਟ ਕਰਨ ਨੂੰ ਲੈਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਈਮੇਲ ਭੇਜੀ ਹੈ। ਜਾਗੋ ਪਾਰਟੀ ਦੇ ਸਕੱਤਰ ਜਨਰਲ ਡਾਕਟਰ ਪਰਮਿੰਦਰ ਪਾਲ ਸਿੰਘ ਵੱਲੋਂ ਭੇਜੀ ਗਈ ਬੇਨਤੀ ਵਿੱਚ ਜਾਗੋ ਪਾਰਟੀ ਵੱਲੋਂ ਕੀਤੇ ਜਾ ਰਹੇ ਕੌਮੀ ਕਾਰਜਾਂ ਦਾ ਹਵਾਲਾ ਦਿੰਦੇ ਹੋਏ ਦਫਤਰ ਅਲਾਟ ਕਰਨ ਦੀ ਮੰਗ ਕੀਤੀ ਗਈ ਹੈ। ਡਾਕਟਰ ਪਰਮਿੰਦਰ ਪਾਲ ਸਿੰਘ ਨੇ ਕਾਲਕਾ ਨੂੰ ਕਿਹਾ ਹੈ ਕਿ ਮੀਡੀਆ ਖਬਰਾਂ ਤੋਂ ਸਾਨੂੰ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਆਪ ਜੀ ਨੇ ਸੋਸਾਇਟੀ ਐਕਟ ਤਹਿਤ ਨਵੀਂ ਬਣਾਈ ਆਪਣੀ ਪਾਰਟੀ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਖੇ ਸ਼੍ਰੋਮਣੀ ਅਕਾਲੀ ਦਲ ਦਾ ਦਫਤਰ ਅਲਾਟ ਕਰਨ ਲਈ ਆਪਣੀ ਸਹਿਮਤੀ ਪ੍ਰਗਟਾਈ ਹੈ।
ਜਦਕਿ ਆਪ ਜੀ ਦੀ ਨਵੀਂ ਪਾਰਟੀ ਨੂੰ ਅਜੇ ਤੱਕ ਕੋਈ ਵੀ ਚੋਣ ਨਿਸ਼ਾਨ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਤੋਂ ਪ੍ਰਾਪਤ ਨਹੀਂ ਹੋਇਆ ਹੈ। ਜਿਸਦਾ ਸਿੱਧਾ ਅਰਥ ਹੈ ਕਿ ਆਪ ਜੀ ਦੀ ਇਸ ਪਾਰਟੀ ਨੇ ਦਿੱਲੀ ਕਮੇਟੀ ਦੀਆਂ ਆਮ ਚੋਣਾਂ ਵਿੱਚ ਕਦੇ ਹਿੱਸਾ ਨਹੀਂ ਲਿਆ ਹੈ। 2021 ਦੀਆਂ ਆਮ ਚੋਣਾਂ ਆਪ ਅਤੇ ਆਪ ਜੀ ਦੇ ਸਾਰੇ ਸਾਥੀ ਕਮੇਟੀ ਮੈਂਬਰ ਸ੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ‘ਬਾਲਟੀ’ ‘ਤੇ ਚੋਣ ਜਿੱਤੇ ਸਨ। ਇਸ ਲਈ ਆਪ ਜੀ ਦਾ ਦਫਤਰ ਲਈ ਦਾਅਵਾ ਕਰਨਾ ਤਰਕਸੰਗਤ ਨਹੀਂ ਹੈ। ਇਸਦੇ ਇਲਾਵਾ ਆਪ ਜੀ ਕੋਲ ਕੌਮੀ ਕਾਰਜਾਂ ਲਈ ਵੈਸੇ ਵੀ ਦਿੱਲੀ ਕਮੇਟੀ ਦਫ਼ਤਰ ਮੌਜੂਦ ਹੈ। ਇਸ ਲਈ ਦਿੱਲੀ ਕਮੇਟੀ ਦੀ ਪੁਰਾਣੀ ਰਵਾਇਤ ਦੀ ਪਾਲਣਾ ਕਰਦੇ ਹੋਏ ਪੰਥਕ ਹਿੱਤਾਂ ਲਈ ਕਾਰਜਸ਼ੀਲ ਜਥੇਬੰਦੀਆਂ ਨੂੰ ਹੀ ਦਫਤਰ ਅਲਾਟ ਕੀਤੇ ਜਾਣ।
ਜਾਗੋ ਪਾਰਟੀ ਨੇ 2021 ਦੀਆਂ ਆਮ ਚੋਣਾਂ ਵਿੱਚ ਰੱਖੜੀ ਵਾਲੇ ਦਿਨ ਹੋਈ ਘੱਟ ਪੋਲਿੰਗ ਦੇ ਬਾਵਜੂਦ ਆਪਣੀ ਪ੍ਰਭਾਵਸ਼ਾਲੀ ਉਪਸਥਿਤੀ ਦਰਜ਼ ਕਰਵਾਈ ਸੀ। ਪਹਿਲੀ ਵਾਰ ਨਵੀਂ ਪਾਰਟੀ ਦੇ ਤੌਰ ‘ਤੇ 46 ਵਿਚੋਂ 41 ਸੀਟਾਂ ‘ਤੇ ਚੋਣ ਲੜਣ ਦੇ ਬਾਵਜੂਦ 15.4 ਫੀਸਦੀ ਵੋਟ ਸ਼ੇਅਰ ਜਾਗੋ ਪਾਰਟੀ ਨੇ ਪ੍ਰਾਪਤ ਕਰਦੇ ਹੋਏ 3 ਸੀਟਾਂ ਉੱਤੇ ਜਿੱਤ ਪ੍ਰਾਪਤ ਕੀਤੀ ਸੀ ਤੇ ਕਈ ਸੀਟਾਂ ਮਾਮੂਲੀ ਫ਼ਰਕ ਨਾਲ ਗਵਾਈਆਂ ਹਨ। ਪੰਥ ਅਤੇ ਪੰਜਾਬ ਪ੍ਰਤੀ ਆਪਣੀ ਜ਼ਿੰਮੇਵਾਰੀਆਂ ਨਿਭਾਉਣ ਲਈ ਅਸੀਂ ਹਮੇਸ਼ਾ ਸੁਹਿਰਦਤਾ ਨਾਲ ਯਤਨਸ਼ੀਲ ਰਹੇ ਹਾਂ ਤੇ ਅੱਗੇ ਵੀ ਕਾਰਜਸ਼ੀਲ ਰਹਾਂਗੇ।
ਇਸ ਲਈ ਕੌਮੀ ਕਾਰਜਾਂ ਲਈ ਸਰਗਰਮ ਭੂਮਿਕਾ ਨਿਭਾਉਣ ਲਈ ਜਾਗੋ ਪਾਰਟੀ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਖੇ ਇੱਕ ਦਫਤਰ ਅਲਾਟ ਕੀਤਾ ਜਾਵੇ, ਜਿਵੇਂ ਬਾਕੀ ਸਾਡੀ ਹਮਰੁਤਬਾ ਪਾਰਟੀਆਂ ਨੂੰ ਦਫਤਰ ਮਿਲ਼ੇ ਹੋ ਹਨ। ਕਿਉਂਕਿ ਜਾਗੋ ਪਾਰਟੀ ਨਿਰੋਲ ਧਾਰਮਿਕ ਪਾਰਟੀ ਹੈ, ਜੋਂ ਕਿ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਦੇ ਸਮੇਂ ਸਿੱਖ ਸਿਧਾਂਤਾਂ ਤੋਂ ਅਵੇਸਲੇ ਨਾਂ ਹੋਣ ਲਈ ਵੀ ਵਚਨਬੱਧ ਹੈ। ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਜਾਗੋ ਪਾਰਟੀ ਨੂੰ ਦਫਤਰ ਅਲਾਟ ਕਰਕੇ ਕੌਮੀ ਹਿੱਤਾਂ ਦੀ ਅਵਾਜ਼ ਬੁਲੰਦ ਰੱਖਣ ਦੇ ਸਾਡੇ ਅਹਿਦ ਦੀ ਪੁਰਜ਼ੋਰ ਹਿਮਾਇਤ ਕਰੋਂ ਜੀ।