ਨਵੀਂ ਦਿੱਲੀ, 26 ਸਤੰਬਰ 2024 – ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਬੁੱਧਵਾਰ ਨੂੰ ਚੀਨ ਨਾਲ 75% ਵਿਵਾਦ ਹੱਲ ਹੋ ਗਏ ਹਨ ਵਾਲੇ ਆਪਣੇ ਬਿਆਨ ‘ਤੇ ਸਫਾਈ ਦਿੱਤੀ। ਉਨ੍ਹਾਂ ਨੇ ਨਿਊਯਾਰਕ ਦੇ ਏਸ਼ੀਆ ਸੋਸਾਇਟੀ ਪਾਲਿਸੀ ਇੰਸਟੀਚਿਊਟ ‘ਚ ਕਿਹਾ, ‘ਮੈਂ ਇਹ ਸਿਰਫ ਫੌਜਾਂ ਦੀ ਵਾਪਸੀ ਦੇ ਸੰਦਰਭ ‘ਚ ਕਿਹਾ ਸੀ। ਚੀਨ ਨਾਲ ਹੋਰ ਮੁੱਦਿਆਂ ‘ਤੇ ਅਜੇ ਵੀ ਚੁਣੌਤੀਆਂ ਬਰਕਰਾਰ ਹਨ। ਉਨ੍ਹਾਂ ਕਿਹਾ, ‘ਚੀਨ ਨਾਲ ਭਾਰਤ ਦਾ ਇਤਿਹਾਸ ਮੁਸ਼ਕਲਾਂ ਨਾਲ ਭਰਿਆ ਰਿਹਾ ਹੈ।’
ਜੈਸ਼ੰਕਰ ਨੇ ਕਿਹਾ, ‘ਐਲਏਸੀ ‘ਤੇ ਸਾਡਾ ਚੀਨ ਨਾਲ ਸਮਝੌਤਾ ਹੋਇਆ ਸੀ, ਪਰ ਉਨ੍ਹਾਂ ਨੇ ਸਾਲ 2020 ‘ਚ ਕੋਰੋਨਾ ਮਹਾਮਾਰੀ ਦੌਰਾਨ ਕਈ ਸੈਨਿਕਾਂ ਨੂੰ ਤਾਇਨਾਤ ਕਰਕੇ ਸਮਝੌਤੇ ਦੀ ਉਲੰਘਣਾ ਕੀਤੀ। ਇਸ ਤੋਂ ਬਾਅਦ ਕੋਈ ਹਾਦਸਾ ਵਾਪਰਨ ਦਾ ਡਰ ਸੀ ਅਤੇ ਅਜਿਹਾ ਹੀ ਹੋਇਆ। ਝੜਪ ਹੋ ਗਈ ਅਤੇ ਦੋਵਾਂ ਧਿਰਾਂ ਦੇ ਲੋਕਾਂ ਦਾ ਜਾਨੀ ਨੁਕਸਾਨ ਹੋਇਆ।
ਜੈਸ਼ੰਕਰ ਨੇ ਕਿਹਾ ਕਿ ਚੀਨ ਦੇ ਇਸ ਫੈਸਲੇ ਨੇ ਦੋਹਾਂ ਪੱਖਾਂ ਦੇ ਸਬੰਧਾਂ ਨੂੰ ਪ੍ਰਭਾਵਿਤ ਕੀਤਾ ਹੈ। ਹੁਣ ਅਸੀਂ ਟਕਰਾਅ ਵਾਲੇ ਸਥਾਨਾਂ ‘ਤੇ ਬਹੁਤੇ ਮਾਮਲਿਆਂ ਨੂੰ ਹੱਲ ਕਰਨ ਦੇ ਯੋਗ ਹੋ ਗਏ ਹਾਂ, ਪਰ ਗਸ਼ਤ ਨਾਲ ਸਬੰਧਤ ਕੁਝ ਮੁੱਦਿਆਂ ਨੂੰ ਹੱਲ ਕਰਨ ਦੀ ਲੋੜ ਹੈ। ਹੁਣ ਅਗਲਾ ਕਦਮ ਤਣਾਅ ਘਟਾਉਣ ਦਾ ਹੋਵੇਗਾ।
12 ਸਤੰਬਰ ਨੂੰ ਜੈਸ਼ੰਕਰ ਨੇ ਇਕ ਸੰਮੇਲਨ ‘ਚ ਕਿਹਾ ਸੀ, ‘ਭਾਰਤ ਨੂੰ ਚੀਨ ਨਾਲ ਸਰਹੱਦੀ ਗੱਲਬਾਤ ‘ਚ ਸਫਲਤਾ ਮਿਲੀ ਹੈ। ਲਗਭਗ 75% ਵਿਵਾਦ ਸੁਲਝਾ ਲਏ ਗਏ ਹਨ। ਸਰਹੱਦ ‘ਤੇ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਦਾ ਆਹਮੋ-ਸਾਹਮਣੇ ਹੋਣਾ ਬਹੁਤ ਵੱਡਾ ਮੁੱਦਾ ਹੈ। ਜੇਕਰ ਸਰਹੱਦੀ ਵਿਵਾਦ ਸੁਲਝ ਜਾਂਦਾ ਹੈ ਤਾਂ ਭਾਰਤ-ਚੀਨ ਸਬੰਧਾਂ ਵਿੱਚ ਸੁਧਾਰ ਸੰਭਵ ਹੈ।
ਜੈਸ਼ੰਕਰ ਨੇ ਕਿਹਾ ਸੀ ਕਿ 2020 ਵਿੱਚ ਚੀਨ ਅਤੇ ਭਾਰਤ ਵਿਚਾਲੇ ਗਲਵਾਨ ਝੜਪ ਨੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ। ਸਰਹੱਦ ‘ਤੇ ਹਿੰਸਾ ਤੋਂ ਬਾਅਦ ਕੋਈ ਇਹ ਨਹੀਂ ਕਹਿ ਸਕਦਾ ਕਿ ਇਸ ਨਾਲ ਹੋਰ ਸਬੰਧ ਪ੍ਰਭਾਵਿਤ ਨਹੀਂ ਹੋਣਗੇ। ਇਸ ਤੋਂ ਪਹਿਲਾਂ ਵੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਚੀਨ ਨਾਲ ਸਬੰਧਾਂ ਨੂੰ ਲੈ ਕੇ ਗੱਲ ਕਰ ਚੁੱਕੇ ਹਨ।
ਚੀਨ ਨੇ ਦਸੰਬਰ 2023 ਵਿੱਚ ਕਸ਼ਮੀਰ ਵਿੱਚ ਧਾਰਾ 370 ਹਟਾਏ ਜਾਣ ਤੋਂ ਬਾਅਦ ਸੁਪਰੀਮ ਕੋਰਟ ਦੇ ਫੈਸਲੇ ਦੀ ਨਿੰਦਾ ਕੀਤੀ ਸੀ। ਚੀਨ ਨੇ ਕਿਹਾ ਸੀ ਕਿ ਇਸ ਫੈਸਲੇ ਨਾਲ ਬੀਜਿੰਗ ਨੂੰ ਕੋਈ ਫਰਕ ਨਹੀਂ ਪੈਂਦਾ। ਭਾਰਤ-ਚੀਨ ਸਰਹੱਦ ਦਾ ਪੱਛਮੀ ਹਿੱਸਾ ਹਮੇਸ਼ਾ ਚੀਨ ਦਾ ਹੀ ਰਿਹਾ ਹੈ।
ਚੀਨ ਨੇ ਅੱਗੇ ਕਿਹਾ ਸੀ- ਅਸੀਂ ਭਾਰਤ ਦੇ ਇਕਪਾਸੜ ਅਤੇ ਗੈਰ-ਕਾਨੂੰਨੀ ਤੌਰ ‘ਤੇ ਸਥਾਪਤ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਨੂੰ ਕਦੇ ਵੀ ਮਾਨਤਾ ਨਹੀਂ ਦਿੱਤੀ ਹੈ। ਭਾਰਤੀ ਸੁਪਰੀਮ ਕੋਰਟ ਦਾ ਫੈਸਲਾ ਇਸ ਤੱਥ ਨੂੰ ਨਹੀਂ ਬਦਲ ਸਕਦਾ ਕਿ ਸਰਹੱਦ ਦਾ ਪੱਛਮੀ ਹਿੱਸਾ ਚੀਨ ਦਾ ਹੈ।