ਮੁੰਬਈ, 29 ਅਗਸਤ 2024 – ਫਿਲਮ ‘ਐਮਰਜੈਂਸੀ’ ਦੀ ਰਿਲੀਜ਼ ਤੋਂ ਪਹਿਲਾਂ ਅਦਾਕਾਰਾ ਕੰਗਨਾ ਰਣੌਤ ਨੇ ਮੁੰਬਈ ‘ਚ 1 ਕਰੋੜ 56 ਲੱਖ ਰੁਪਏ ‘ਚ ਆਫਿਸ ਸਪੇਸ ਖਰੀਦੀ ਹੈ। ਅਦਾਕਾਰਾ ਜਲਦੀ ਹੀ ਇੱਥੇ ਆਪਣਾ ਨਵਾਂ ਦਫ਼ਤਰ ਖੋਲ੍ਹਣ ਜਾ ਰਹੀ ਹੈ। ਕੰਗਨਾ ਦਾ ਪਹਿਲਾਂ ਤੋਂ ਹੀ ਮੁੰਬਈ ਦੇ ਬਾਂਦਰਾ ਇਲਾਕੇ ‘ਚ ਹੋਮ-ਆਫਿਸ ਅਤੇ ਰਿਹਾਇਸ਼ੀ ਅਪਾਰਟਮੈਂਟ ਹੈ।
ਮੀਡੀਆ ਰਿਪੋਰਟਸ ਮੁਤਾਬਿਕ ਕੰਗਨਾ ਨੇ ਇਹ ਡੀਲ 23 ਅਗਸਤ ਨੂੰ ਕੀਤੀ ਸੀ ਕੰਗਨਾ ਰਣੌਤ ਨੇ ਅੰਧੇਰੀ ਵੈਸਟ ‘ਚ ਦਫਤਰ ਲਈ 407 ਵਰਗ ਫੁੱਟ ਜਗ੍ਹਾ ਖਰੀਦੀ ਹੈ। ਕੰਗਨਾ ਰਣੌਤ ਦੁਆਰਾ ਖਰੀਦੀ ਗਈ ਜਗ੍ਹਾ ਆਰਕ ਵਨ ਦਫਤਰ ਕੰਪਲੈਕਸ ਵਿੱਚ ਹੋਵੇਗੀ। ਇਸ ਨੂੰ ਚੰਦਰ ਗੁਪਤਾ ਅਸਟੇਟ ਦੁਆਰਾ ਵਿਕਸਿਤ ਕੀਤਾ ਗਿਆ ਹੈ। ਇਸ ਦੇ ਲਈ ਉਸ ਨੇ 9.37 ਲੱਖ ਰੁਪਏ ਦੀ ਸਟੈਂਪ ਡਿਊਟੀ ਵੀ ਅਦਾ ਕੀਤੀ ਹੈ। ਇਸ ਤੋਂ ਇਲਾਵਾ ਅਦਾਕਾਰਾ ਨੇ ਰਜਿਸਟ੍ਰੇਸ਼ਨ ਫੀਸ ਲਈ 30 ਹਜ਼ਾਰ ਰੁਪਏ ਵੀ ਦਿੱਤੇ ਹਨ।
ਜਾਣਕਾਰੀ ਅਨੁਸਾਰ ਅਦਾਕਾਰਾ ਚੰਡੀਗੜ੍ਹ ‘ਚ 4 ਕਮਰਸ਼ੀਅਲ ਯੂਨਿਟਾਂ ਦੀ ਮਾਲਕ ਹੈ। ਇਸ ਤੋਂ ਇਲਾਵਾ ਉਸ ਦੀ ਮੁੰਬਈ ਵਿਚ ਵਪਾਰਕ ਜਾਇਦਾਦ ਅਤੇ ਮਨਾਲੀ ਵਿਚ ਇਕ ਵਪਾਰਕ ਇਮਾਰਤ ਹੈ। ਅਦਾਕਾਰਾ ਮੁੰਬਈ ਵਿੱਚ 16 ਕਰੋੜ ਰੁਪਏ ਦੇ ਤਿੰਨ ਫਲੈਟਾਂ ਅਤੇ ਮਨਾਲੀ ਵਿੱਚ 15 ਕਰੋੜ ਰੁਪਏ ਦੇ ਇੱਕ ਬੰਗਲੇ ਦੀ ਵੀ ਮਾਲਕ ਹੈ।