- 3 ਚੰਡੀਗੜ੍ਹ ਦੇ ਹੋਟਲ ‘ਚ ਲੁਕੇ ਹੋਏ ਸੀ
- ਇੱਕ ਮੁਲਜ਼ਮ ਰਾਮਵੀਰ ਦੀ ਹਰਿਆਣਾ ਤੋਂ ਹੋਈ ਗ੍ਰਿਫ਼ਤਾਰੀ
- 5 ਦਸੰਬਰ ਨੂੰ ਦੋ ਬਦਮਾਸ਼ਾਂ ਨੇ ਗੋਗਾਮੇੜੀ ਦਾ ਘਰ ‘ਚ ਦਾਖ਼ਲ ਹੋ ਕੇ ਕੀਤਾ ਸੀ ਕ+ਤ+ਲ
ਰਾਜਸਥਾਨ, 10 ਦਸੰਬਰ 2023 – ਰਾਜਸਥਾਨ ਪੁਲਿਸ ਨੇ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਕਤਲ ਮਾਮਲੇ ਵਿੱਚ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਰਾਮਵੀਰ ਨੂੰ ਹਰਿਆਣਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਦਕਿ ਰੋਹਿਤ ਰਾਠੌਰ ਅਤੇ ਨਿਤਿਨ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਰੋਹਿਤ-ਨਿਤਿਨ ਦੇ ਨਾਲ ਇਕ ਹੋਰ ਵਿਅਕਤੀ ਵੀ ਹੈ, ਜਿਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਤਿੰਨੋਂ ਸੈਕਟਰ 22 ਏ ਦੇ ਇੱਕ ਹੋਟਲ ਵਿੱਚ ਲੁਕੇ ਹੋਏ ਸਨ। ਨਿਊਜ਼ ਏਜੰਸੀ ਏਐਨਆਈ ਨੇ ਦਿੱਲੀ ਪੁਲਿਸ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ।
ਹਰਿਆਣਾ ਤੋਂ ਗ੍ਰਿਫ਼ਤਾਰ ਕੀਤੇ ਗਏ ਰਾਮਵੀਰ ਨੇ ਸ਼ੂਟਰਾਂ ਦੀ ਮਦਦ ਕੀਤੀ ਸੀ। ਸੁਖਬੀਰ ਦੇ ਕਤਲ ਤੋਂ ਬਾਅਦ ਰਾਮਵੀਰ ਆਪਣੀ ਬਾਈਕ ‘ਤੇ ਰੋਹਿਤ ਅਤੇ ਨਿਤਿਨ ਫੌਜੀ ਨੂੰ ਬਾਗਰੂ ਟੋਲ ਪਲਾਜ਼ਾ ‘ਤੇ ਲੈ ਗਿਆ ਸੀ। ਇੱਥੋਂ ਦੋਵੇਂ ਬਦਮਾਸ਼ ਦਿੱਲੀ ਪੁੱਜੇ ਅਤੇ ਫਿਰ ਫਰਾਰ ਹੋ ਗਏ।
5 ਦਸੰਬਰ ਨੂੰ ਦੋ ਬਦਮਾਸ਼ਾਂ ਨੇ ਸੁਖਦੇਵ ਸਿੰਘ ਗੋਗਾਮੇੜੀ ਦੇ ਘਰ ਦਾਖ਼ਲ ਹੋ ਕੇ ਉਸ ਦਾ ਕਤਲ ਕਰ ਦਿੱਤਾ ਸੀ। ਇਸ ਦੌਰਾਨ ਉਸ ਦਾ ਗਾਰਡ ਅਜੀਤ ਸਿੰਘ ਵੀ ਜ਼ਖ਼ਮੀ ਹੋ ਗਿਆ। ਕਤਲ ਦੇ ਖਿਲਾਫ ਕਈ ਜ਼ਿਲ੍ਹਿਆਂ ‘ਚ ਪ੍ਰਦਰਸ਼ਨ ਹੋਏ। ਅਗਲੇ ਦਿਨ ਰਾਜਸਥਾਨ ਬੰਦ ਰੱਖਿਆ ਗਿਆ। ਦੋਵਾਂ ਬਦਮਾਸ਼ਾਂ ‘ਤੇ 5-5 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਹੈ।