ਨਵੀਂ ਦਿੱਲੀ, 26 ਸਤੰਬਰ 2024 – ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੇ ਮੁਖੀ ਮੋਹਨ ਭਾਗਵਤ ਨੂੰ ਪੱਤਰ ਲਿਖ ਕੇ ਪੰਜ ਸਵਾਲ ਪੁੱਛੇ ਹਨ। ਉਨ੍ਹਾਂ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਤੋਂ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੇਵਾਮੁਕਤੀ ਤੱਕ ਦੇ ਕਈ ਮੁੱਦਿਆਂ ‘ਤੇ ਸਵਾਲ ਕੀਤੇ ਗਏ ਹਨ।
ਕੇਜਰੀਵਾਲ ਨੇ ਲਿਖਿਆ ਕਿ ਉਹ ਦੇਸ਼ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਬਹੁਤ ਚਿੰਤਤ ਹਨ ਅਤੇ ਭਾਜਪਾ ਸਰਕਾਰ ਦੀਆਂ ਨੀਤੀਆਂ ਨੂੰ ਦੇਸ਼ ਲਈ ਨੁਕਸਾਨਦੇਹ ਮੰਨਦੇ ਹਨ। ਜੇਕਰ ਇਹ ਸਥਿਤੀ ਜਾਰੀ ਰਹੀ ਤਾਂ ਦੇਸ਼ ਦਾ ਲੋਕਤੰਤਰ ਖ਼ਤਰੇ ਵਿੱਚ ਪੈ ਸਕਦਾ ਹੈ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਇਹ ਪੱਤਰ ਕਿਸੇ ਸਿਆਸੀ ਪਾਰਟੀ ਦੇ ਨੇਤਾ ਵਜੋਂ ਨਹੀਂ ਸਗੋਂ ਇੱਕ ਆਮ ਨਾਗਰਿਕ ਦੀ ਹੈਸੀਅਤ ਵਿੱਚ ਲਿਖਿਆ ਹੈ।
ਮੋਹਨ ਭਾਗਵਤ ਨੂੰ ਕੇਜਰੀਵਾਲ ਦੇ 5 ਸਵਾਲ…
- ਦੂਜੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਤੋੜਨ ‘ਤੇ: ਦੇਸ਼ ਭਰ ਵਿੱਚ, ਨੇਤਾਵਾਂ ਨੂੰ ED-CBI ਦੇ ਲਾਲਚ ਜਾਂ ਧਮਕੀ ਦੁਆਰਾ ਦੂਜੀਆਂ ਪਾਰਟੀਆਂ ਤੋਂ ਤੋੜਿਆ ਜਾ ਰਿਹਾ ਹੈ ਅਤੇ ਸਰਕਾਰਾਂ ਨੂੰ ਡੇਗਿਆ ਜਾ ਰਿਹਾ ਹੈ। ਕੀ ਇਸ ਤਰੀਕੇ ਨਾਲ ਚੁਣੀਆਂ ਹੋਈਆਂ ਸਰਕਾਰਾਂ ਨੂੰ ਡੇਗਣਾ ਸਹੀ ਹੈ ? ਕੀ RSS ਇਸ ਨੂੰ ਸਵੀਕਾਰ ਕਰਦਾ ਹੈ ?
- ਭ੍ਰਿਸ਼ਟ ਨੇਤਾਵਾਂ ਦਾ ਭਾਜਪਾ ‘ਚ ਸ਼ਾਮਲ ਹੋਣਾ: ਕੁਝ ਨੇਤਾਵਾਂ ਨੂੰ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਨੇ ਖੁਦ ਭ੍ਰਿਸ਼ਟ ਕਿਹਾ ਸੀ ਪਰ ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਭਾਜਪਾ ‘ਚ ਸ਼ਾਮਲ ਕਰ ਲਿਆ ਗਿਆ। ਕੀ ਆਰਐਸਐਸ ਨੇ ਅਜਿਹੀ ਭਾਜਪਾ ਦੀ ਕਲਪਨਾ ਕੀਤੀ ਸੀ ? ਕੀ ਤੁਹਾਨੂੰ ਇਹ ਸਭ ਦੇਖ ਕੇ ਦਰਦ ਨਹੀਂ ਹੁੰਦਾ ?
- ਭਾਜਪਾ ਨੂੰ ਸਹੀ ਦਿਸ਼ਾ ਦੇਣ ‘ਤੇ: ਜੇਕਰ ਭਾਜਪਾ ਗਲਤ ਰਸਤੇ ‘ਤੇ ਜਾਂਦੀ ਹੈ ਤਾਂ ਉਸ ਨੂੰ ਸਹੀ ਰਸਤੇ ‘ਤੇ ਲਿਆਉਣਾ ਆਰਐਸਐਸ ਦੀ ਜ਼ਿੰਮੇਵਾਰੀ ਹੈ। ਕੀ ਤੁਸੀਂ ਕਦੇ ਪ੍ਰਧਾਨ ਮੰਤਰੀ ਮੋਦੀ ਨੂੰ ਗਲਤ ਕੰਮ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਹੈ ?
- ਆਰਐਸਐਸ ਅਤੇ ਬੀਜੇਪੀ ਦੇ ਸਬੰਧਾਂ ‘ਤੇ: ਜੇਪੀ ਨੱਡਾ ਨੇ ਲੋਕ ਸਭਾ ਚੋਣਾਂ ਦੌਰਾਨ ਕਿਹਾ ਸੀ ਕਿ ਹੁਣ ਭਾਜਪਾ ਨੂੰ ਆਰਐਸਐਸ ਦੀ ਲੋੜ ਨਹੀਂ ਹੈ। ਇਸ ਬਿਆਨ ਨਾਲ ਆਰਐਸਐਸ ਵਰਕਰਾਂ ਨੂੰ ਠੇਸ ਪਹੁੰਚੀ ਹੈ। ਤੁਸੀਂ ਇਸ ਬਾਰੇ ਕੀ ਸੋਚਦੇ ਹੋ ?
- ਭਾਜਪਾ ਦੇ 75 ਸਾਲ ਦੀ ਰਿਟਾਇਰਮੈਂਟ ਕਾਨੂੰਨ ‘ਤੇ: ਭਾਜਪਾ ਨੇਤਾਵਾਂ ਨੂੰ 75 ਸਾਲ ਦੀ ਉਮਰ ਤੋਂ ਬਾਅਦ ਸੇਵਾਮੁਕਤ ਕਰਨ ਲਈ ਇੱਕ ਕਾਨੂੰਨ ਬਣਾਇਆ ਗਿਆ ਸੀ, ਜਿਸ ਦੇ ਤਹਿਤ ਅਡਵਾਨੀ ਜੀ ਅਤੇ ਮੁਰਲੀ ਮਨੋਹਰ ਜੋਸ਼ੀ ਜੀ ਵਰਗੇ ਨੇਤਾਵਾਂ ਨੂੰ ਸੇਵਾਮੁਕਤ ਕੀਤਾ ਗਿਆ ਸੀ। ਕੀ ਹੁਣ ਇਸ ਕਾਨੂੰਨ ਦੀ ਪਾਲਣਾ ਕੀਤੀ ਜਾ ਰਹੀ ਹੈ ਅਤੇ ਕੀ ਇਹ ਪੀਐਮ ਮੋਦੀ ‘ਤੇ ਵੀ ਲਾਗੂ ਹੋਣਾ ਚਾਹੀਦਾ ਹੈ ?
ਕੇਜਰੀਵਾਲ ਨੇ ਉਮੀਦ ਜਤਾਈ ਕਿ ਮੋਹਨ ਭਾਗਵਤ ਇਨ੍ਹਾਂ ਸਵਾਲਾਂ ਦਾ ਜਵਾਬ ਦੇਣਗੇ ਅਤੇ ਦੇਸ਼ ਨੂੰ ਇਨ੍ਹਾਂ ਮੁੱਦਿਆਂ ‘ਤੇ ਉਨ੍ਹਾਂ ਦੀ ਰਾਏ ਜਾਣਨ ਦਾ ਮੌਕਾ ਮਿਲੇਗਾ। ਕੇਜਰੀਵਾਲ ਨੇ 22 ਸਤੰਬਰ ਨੂੰ ਦਿੱਲੀ ਦੇ ਜੰਤਰ-ਮੰਤਰ ‘ਤੇ ਇਕ ਜਨ ਸਭਾ ਦੌਰਾਨ ਭਾਗਵਤ ਨੂੰ ਇਹ 5 ਸਵਾਲ ਪੁੱਛੇ ਸਨ।