ਨਵੀਂ ਦਿੱਲੀ, 23 ਮਾਰਚ, 2024: ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਇਨਫੋਰਸਮੈਂਟ ਡਾਇਰੈਕਟਰ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਦੋ ਦਿਨ ਬਾਅਦ, ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਆਪਣੇ ਪਤੀ ਦੀ ਤਰਫ਼ੋਂ ਲੋਕਾਂ ਨੂੰ ਸੰਬੋਧਨ ਕਰਨ ਲਈ ਲਾਈਵ ਹੋਈ। ਅਸਲ ‘ਚ ਕੇਜਰੀਵਾਲ ਨੇ ਜੇਲ੍ਹ ਚੋਂ ਸੁਨੇਹਾ ਭੇਜਿਆ ਸੀ ਅਤੇ ਆਪਣੇ ਪਤੀ ਤਰਫੋਂ ਬੋਲਦੇ ਹੋਏ, ਸੁਨੀਤਾ ਕੇਜਰੀਵਾਲ ਨੇ ਵੀਡੀਓ ਕਲਿੱਪ ‘ਤੇ ਉਨ੍ਹਾਂ ਦਾ ਸੰਦੇਸ਼ ਪੜ੍ਹ ਕੇ ਸੁਣਾਇਆ।
ਸੁਨੀਤਾ ਕੇਜਰੀਵਾਲ ਆਪਣੇ ਪਤੀ ਕੇਜਰੀਵਾਲ ਵੱਲੋਂ ਬੋਲਦੇ ਹੋਏ ਕਿਹਾ ਕਿ, “ਮੇਰੇ ਪਿਆਰੇ ਦੇਸ਼ ਵਾਸੀਓ, ਮੈਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੈਂ ਭਾਵੇਂ ਅੰਦਰ ਹੋਵਾਂ ਜਾਂ ਬਾਹਰ, ਹਰ ਪਲ ਦੇਸ਼ ਦੀ ਸੇਵਾ ਕਰਦਾ ਰਹਾਂਗਾ। ਮੇਰੀ ਜ਼ਿੰਦਗੀ ਦਾ ਹਰ ਪਲ ਦੇਸ਼ ਨੂੰ ਸਮਰਪਿਤ ਹੈ, ਮੇਰੇ ਸਰੀਰ ਦਾ ਹਰ ਕਤਰਾ ਦੇਸ਼ ਲਈ ਹੈ। ਇਸ ਧਰਤੀ ‘ਤੇ ਮੇਰਾ ਜੀਵਨ ਸੰਘਰਸ਼ ਲਈ ਹੀ ਹੋਇਆ ਹੈ। ਇਸ ਲਈ ਇਹ ਗ੍ਰਿਫਤਾਰੀ ਮੈਨੂੰ ਪ੍ਰੇਸ਼ਾਨ ਨਹੀਂ ਕਰ ਸਕਦੀ। ਮੈਂ ਆਪਣੇ ਪਿਛਲੇ ਜਨਮ ਵਿੱਚ ਬਹੁਤ ਸਾਰੇ ਚੰਗੇ ਕੰਮ ਕੀਤੇ ਹੋਣਗੇ ਕਿਉਂਕਿ ਮੇਰਾ ਜਨਮ ਭਾਰਤ ਵਰਗੇ ਮਹਾਨ ਦੇਸ਼ ਵਿੱਚ ਹੋਇਆ ਹੈ। ਅਸੀਂ ਮਿਲ ਕੇ ਭਾਰਤ ਨੂੰ ਫਿਰ ਤੋਂ ਮਹਾਨ ਬਣਾਉਣਾ ਹੈ। ਦੇਸ਼ ਦੇ ਅੰਦਰ ਅਤੇ ਬਾਹਰ ਬਹੁਤ ਸਾਰੀਆਂ ਤਾਕਤਾਂ ਹਨ ਜੋ ਭਾਰਤ ਨੂੰ ਕਮਜ਼ੋਰ ਕਰ ਰਹੀਆਂ ਹਨ। ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ, ਇਹਨਾਂ ਤਾਕਤਾਂ ਨੂੰ ਪਛਾਣਨਾ ਚਾਹੀਦਾ ਹੈ ਅਤੇ ਅਸੀਂ ਇਹਨਾਂ ਨੂੰ ਹਰਾਉਣਾ ਹੈ…..ਉੱਥੇ ਹੀ ਭਾਰਤ ਵਿੱਚ ਹੀ ਬਹੁਤ ਸਾਰੀਆਂ ਤਾਕਤਾਂ ਹਨ, ਜੋ ਦੇਸ਼ ਭਗਤ ਹਨ ਅਤੇ ਭਾਰਤ ਨੂੰ ਅੱਗੇ ਲਿਜਾਣਾ ਚਾਹੁੰਦੀਆਂ ਹਨ। ਸਾਨੂੰ ਇਨ੍ਹਾਂ ਤਾਕਤਾਂ ਨਾਲ ਜੁੜਨਾ ਹੋਵੇਗਾ ਅਤੇ ਇਨ੍ਹਾਂ ਨੂੰ ਹੋਰ ਮਜ਼ਬੂਤ ਕਰਨਾ ਹੋਵੇਗਾ। ਦਿੱਲੀ ਦੀਆਂ ਔਰਤਾਂ ਇਹ ਸੋਚ ਰਹੀਆਂ ਹੋਣਗੀਆਂ ਕਿ ਕੇਜਰੀਵਾਲ ਜੇਲ੍ਹ ਦੀਆਂ ਸਲਾਖਾਂ ਪਿੱਛੇ ਚਲਿਆ ਗਿਆ ਅਤੇ ਸੋਚ ਰਹੀਆਂ ਹਨ ਕਿ ਉਨ੍ਹਾਂ ਨੂੰ 1000 ਰੁਪਏ ਮਿਲਣਗੇ ਜਾਂ ਨਹੀਂ। ਮੈਂ ਉਨ੍ਹਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਭਰਾ, ਆਪਣੇ ਪੁੱਤਰ ‘ਤੇ ਭਰੋਸਾ ਕਰਨ। ਕੋਈ ਵੀ ਜੇਲ੍ਹ ਨਹੀਂ ਹੈ ਜੋ ਉਸ ਨੂੰ ਲੰਬੇ ਸਮੇਂ ਲਈ ਸਲਾਖਾਂ ਪਿੱਛੇ ਰੱਖ ਸਕੇ। ਮੈਂ ਜਲਦੀ ਹੀ ਬਾਹਰ ਆਵਾਂਗਾ ਅਤੇ ਆਪਣਾ ਵਾਅਦਾ ਨਿਭਾਵਾਂਗਾ…”
“…ਮੈਂ ਆਮ ਆਦਮੀ ਪਾਰਟੀ (ਆਪ) ਦੇ ਸਾਰੇ ਵਰਕਰਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਮੇਰੇ ਜੇਲ੍ਹ ਜਾਣ ਨਾਲ ਸਮਾਜ ਭਲਾਈ ਅਤੇ ਲੋਕ ਭਲਾਈ ਦੇ ਕੰਮ ਨਾ ਰੁਕਣ। ਇਸ ਕਾਰਨ ਭਾਜਪਾ ਵਾਲਿਆਂ ਨਾਲ ਨਫ਼ਰਤ ਨਾ ਕਰੋ। ਉਹ ਸਾਡੇ ਭਰਾ ਹਨ ਅਤੇ ਮੈਂ ਜਲਦੀ ਵਾਪਸ ਆਵਾਂਗਾ…”