ਚੰਡੀਗੜ੍ਹ, 8 ਮਈ 2022 – ਪੰਜਾਬ ਤੋਂ ਬਾਅਦ ਹੁਣ ਹਿਮਾਚਲ ਪ੍ਰਦੇਸ਼ ‘ਚ ਖਾਲਿਸਤਾਨੀ ਝੰਡੇ ਮਿਲੇ ਹਨ। ਹਿਮਾਚਲ ਵਿਧਾਨ ਸਭਾ ਦੀ ਇਮਾਰਤ ਅਤੇ ਗੇਟ ’ਤੇ ਖਾਲਿਸਤਾਨ ਝੰਡੇ ਲਗਾਏ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪੁਲਿਸ ਅਧਿਕਾਰੀਆਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ, ਜਿਵੇਂ ਹੀ ਉਹਨਾਂ ਨੂੰ ਅੱਜ ਸੂਚਨਾ ਮਿਲੀ, ਉਹ ਤੁਰੰਤ ਮੌਕੇ ਤੇ ਪੁੱਜੇ ਅਤੇ ਝੰਡੇ ਅਤੇ ਬੈਨਰ ਹਟਵਾ ਦਿੱਤੇ ਗਏ ਹਨ।
ਧਰਮਸ਼ਾਲਾ ‘ਚ ਵਿਧਾਨ ਸਭਾ ਭਵਨ ਦੇ ਬਾਹਰ ਵਿਧਾਨ ਸਭਾ ਦੀ ਕੰਧ ਅਤੇ ਮੁੱਖ ਗੇਟ ਦੇ ਨਾਲ ਇਹ ਖਾਲਿਸਤਾਨੀ ਝੰਡੇ ਬੰਨ੍ਹੇ ਹੋਏ ਮਿਲੇ। ਇਹਨਾਂ ਬੈਨਰਾਂ ‘ਤੇ ਪੰਜਾਬੀ ਭਾਸ਼ਾ ਵਿੱਚ ਹਰੇ ਰੰਗਾਂ ਨਾਲ ਖਾਲਿਸਤਾਨ ਲਿਖਿਆ ਗਿਆ ਹੈ। ਕਾਂਗੜਾ ਦੇ ਐਸਪੀ ਕੁਸ਼ਲ ਸ਼ਰਮਾ ਨੇ ਕਿਹਾ ਕਿ ਅਸੀਂ ਵਿਧਾਨ ਸਭਾ ਦੇ ਗੇਟ ਤੋਂ ਖਾਲਿਸਤਾਨੀ ਝੰਡੇ ਹਟਾ ਦਿੱਤੇ ਹਨ। ਇਹ ਪੰਜਾਬ ਦੇ ਕੁਝ ਸੈਲਾਨੀਆਂ ਦਾ ਕਾਰਨਾਮਾ ਹੋ ਸਕਦਾ ਹੈ।
ਕਾਂਗੜਾ ਦੇ ਐਸ ਐ ਪੀ ਕੁਸ਼ਾਲ ਸ਼ਰਮਾ ਨੇ ਮੰਨਿਆ ਕਿ, ਕਿਸੇ ਸ਼ਰਾਰਤੀ ਅਨਸਰ ਵਲੋਂ ਇਹ ਕਾਰਵਾਈ ਨੂੰ ਅੰਜ਼ਾਮ ਸਵੇਰ ਵੇਲੇ ਦਿੱਤਾ ਗਿਆ ਹੈ। ਪੁਲਿਸ ਨੇ ਦਾਅਵਾ ਕੀਤਾ ਕਿ, ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕੇਸ ਦਰਜ ਕਰਕੇ ਛੇਤੀ ਹੀ ਮੁਲਜ਼ਮ ਫੜ ਲਏ ਜਾਣਗੇ।