- ਮੈਤਈ ਕਬੀਲੇ ਦੇ ਲੋਕ ਘਰੋਂ ਲੈ ਗਏ ਸੀ ਚੁੱਕ ਕੇ
ਮਣੀਪੁਰ, 28 ਫਰਵਰੀ 2024 – ਪੁਲਿਸ ਅਤੇ ਸੁਰੱਖਿਆ ਬਲਾਂ ਨੇ ਮਣੀਪੁਰ ਵਿੱਚ ਮੰਗਲਵਾਰ ਨੂੰ ਅਗਵਾ ਕੀਤੇ ਗਏ ਵਧੀਕ ਐਸਪੀ (ਏਐਸਪੀ) ਅਮਿਤ ਮਯੇਂਗਬਮ ਨੂੰ ਛੁਡਵਾ ਲਿਆ ਹੈ। ਉਸ ਨੂੰ ਮੈਤਈ ਸੰਗਠਨ ਦੇ ਕੇਡਰ ਅਰਾਮਬਾਈ ਟੇਂਗਗੋਲ ਨੇ ਅਗਵਾ ਕਰ ਲਿਆ ਸੀ। ਇੰਫਾਲ ਈਸਟ ‘ਚ ਇਹ ਘਟਨਾ ਮੰਗਲਵਾਰ ਸ਼ਾਮ ਕਰੀਬ 6.20 ਵਜੇ ਵਾਪਰੀ।
ਅਧਿਕਾਰੀਆਂ ਨੇ ਦੱਸਿਆ ਕਿ ਏਐਸਪੀ ਅਮਿਤ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਹੈ।
ਨਿਊਜ਼ ਏਜੰਸੀ ਮੁਤਾਬਕ ਇੰਫਾਲ ਪੂਰਬ ‘ਚ ਇਕ ਵਾਰ ਫਿਰ ਤਣਾਅ ਦੀ ਸਥਿਤੀ ਬਣੀ ਹੋਈ ਹੈ। ਇਸ ਦੌਰਾਨ ਸਥਿਤੀ ‘ਤੇ ਕਾਬੂ ਪਾਉਣ ਲਈ ਫੌਜ ਨੂੰ ਬੁਲਾਇਆ ਗਿਆ ਹੈ ਅਤੇ ਆਸਾਮ ਰਾਈਫਲਜ਼ ਦੀਆਂ 4 ਟੁਕੜੀਆਂ ਨੂੰ ਇਲਾਕੇ ‘ਚ ਤਾਇਨਾਤ ਕੀਤਾ ਗਿਆ ਹੈ।
ਮੰਗਲਵਾਰ ਸ਼ਾਮ ਨੂੰ ਮੈਤਈ ਸੰਗਠਨ ਦੇ ਕੁਝ ਲੋਕਾਂ ਨੇ ਏਐੱਸਪੀ ਅਮਿਤ ਦੇ ਘਰ ‘ਤੇ ਹਮਲਾ ਕਰ ਦਿੱਤਾ ਸੀ। ਇਸ ਦੌਰਾਨ ਸੁਰੱਖਿਆ ਗਾਰਡਾਂ ਅਤੇ ਹਥਿਆਰਬੰਦ ਬਦਮਾਸ਼ਾਂ ਵਿਚਾਲੇ ਗੋਲੀਬਾਰੀ ਵੀ ਹੋਈ, ਜਿਸ ਕਾਰਨ ਚਾਰ ਵਾਹਨ ਨੁਕਸਾਨੇ ਗਏ। ਇਸ ਤੋਂ ਬਾਅਦ ਮੈਤਈ ਲੋਕਾਂ ਨੇ ਅਮਿਤ ਨੂੰ ਅਗਵਾ ਕਰ ਲਿਆ।
ਦਰਅਸਲ, ਏਐਸਪੀ ਅਮਿਤ ਨੇ ਕੁਝ ਦਿਨ ਪਹਿਲਾਂ ਮੈਤਈ ਸੰਗਠਨ ਦੇ 6 ਮੈਂਬਰਾਂ ਨੂੰ ਵਾਹਨ ਚੋਰੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਜਥੇਬੰਦੀ ਨੇ ਆਪਣੇ ਮੈਂਬਰਾਂ ਦੀ ਰਿਹਾਈ ਲਈ ਰੋਸ ਪ੍ਰਦਰਸ਼ਨ ਵੀ ਕੀਤਾ।
ਮਣੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ 25 ਫਰਵਰੀ ਨੂੰ ਇੱਕ ਪ੍ਰੋਗਰਾਮ ਵਿੱਚ ਕਿਹਾ ਸੀ ਕਿ ਸੂਬੇ ਵਿੱਚ ਜਾਤੀ ਤਣਾਅ ਨੂੰ ਦੂਰ ਕਰਨ ਲਈ ਸ਼ਾਂਤੀ ਦੀ ਪਹਿਲ ਸ਼ੁਰੂ ਕੀਤੀ ਗਈ ਹੈ। ਹੁਣ ਸਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਸਾਰੇ ਖੇਤਰਾਂ ਵਿੱਚ ਸੁਰੱਖਿਆ ਬਲ ਤਾਇਨਾਤ ਕੀਤੇ ਜਾਣਗੇ।