- ਨੌਕਰ ਬਣ ਕੇ ਰਹਿ ਰਹੇ ਅੱਤਵਾਦੀ ਨੇ ਡੀਜੀ ਨੂੰ ਮਾਰਿਆ
- ਅੱਤਵਾਦੀ ਸੰਗਠਨ ਨੇ ਕਿਹਾ- ਕਸ਼ਮੀਰ ਆਉਣ ਵਾਲੇ ਸ਼ਾਹ ਨੂੰ ਇਹ ਛੋਟਾ ਤੋਹਫਾ ਹੈ
- ਅਜਿਹੇ ਕਈ ਆਪਰੇਸ਼ਨ ਹੋਣਗੇ
ਜੰਮੂ-ਕਸ਼ਮੀਰ, 4 ਅਕਤੂਬਰ 2022 – ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜੰਮੂ-ਕਸ਼ਮੀਰ ਫੇਰੀ ਦੌਰਾਨ ਡੀਜੀ ਜੇਲ੍ਹ (ਡਾਇਰੈਕਟਰ ਜਨਰਲ ਆਫ ਜੇਲ੍ਹ) ਹੇਮੰਤ ਲੋਹੀਆ ਦੀ ਸੋਮਵਾਰ ਦੇਰ ਰਾਤ ਅੱਤਵਾਦੀਆਂ ਨੇ ਉਨ੍ਹਾਂ ਦੇ ਘਰ ‘ਚ ਹੀ ਹੱਤਿਆ ਕਰ ਦਿੱਤੀ। ਕਤਲ ਤੋਂ ਬਾਅਦ ਉਸ ਦੀ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਵੀ ਕੀਤੀ ਗਈ। ਫਿਲਹਾਲ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਸ ਦੇ ਆਪਣੇ ਨੌਕਰ ਯਾਸਿਰ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।
ਮੰਗਲਵਾਰ ਸਵੇਰੇ ਕਤਲ ਦੇ ਕਰੀਬ 10 ਘੰਟੇ ਬਾਅਦ ਅੱਤਵਾਦੀ ਸੰਗਠਨ ਪੀਪਲਜ਼ ਐਂਟੀ ਫਾਸੀਵਾਦੀ ਫਰੰਟ (ਪੀ.ਏ.ਐੱਫ.ਐੱਫ.) ਨੇ ਲੋਹੀਆ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਪੀਏਐਫਐਫ ਨੇ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਦਿੱਤੀ। ਇਹ ਲਸ਼ਕਰ ਨਾਲ ਜੁੜੀ ਹੋਈ ਜਥੇਬੰਦੀ ਹੈ। ਜਥੇਬੰਦੀ ਨੇ ਆਪਣੀ ਪ੍ਰੈਸ ਰਿਲੀਜ਼ ‘ਚ ਕਿਹਾ ਕਿ ਗ੍ਰਹਿ ਮੰਤਰੀ ਨੂੰ ਇਹ ਸਾਡਾ ਛੋਟਾ ਤੋਹਫਾ ਹੈ। ਅਸੀਂ ਕਿਸੇ ਵੀ ਸਮੇਂ, ਕਿਤੇ ਵੀ ਕਿਸੇ ਨੂੰ ਵੀ ਮਾਰ ਸਕਦੇ ਹਾਂ। ਇਹ ਅੱਤਵਾਦੀ ਡੀ ਜੀ ਦੇ ਘਰ ਵਿੱਚ ਨੌਕਰ ਬਣ ਕੇ ਰਹਿ ਰਿਹਾ ਸੀ।
ਇਸ ਘਟਨਾ ਤੋਂ ਬਾਅਦ ਉਸ ਦਾ ਨੌਕਰ ਫਰਾਰ ਹੈ। ਪੁਲਿਸ ਨੇ ਯਾਸਿਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਹ 1992 ਬੈਚ ਦੇ ਆਈਪੀਐਸ ਅਧਿਕਾਰੀ ਸਨ। ਇਸ ਸਾਲ ਅਗਸਤ ‘ਚ ਉਨ੍ਹਾਂ ਨੂੰ ਡੀ.ਜੀ.ਜੇਲ ਦੇ ਅਹੁਦੇ ‘ਤੇ ਤਾਇਨਾਤ ਕੀਤਾ ਗਿਆ ਸੀ।
ਜੰਮੂ ਜ਼ੋਨ ਦੇ ਏਡੀਜੀਪੀ ਮੁਕੇਸ਼ ਸਿੰਘ ਨੇ ਦੱਸਿਆ ਕਿ ਲੋਹੀਆ ਦਾ ਗਲਾ ਵੱਢਿਆ ਗਿਆ ਸੀ। ਉਸ ਦੇ ਸਰੀਰ ‘ਤੇ ਸੜਨ ਦੇ ਨਿਸ਼ਾਨ ਵੀ ਮਿਲੇ ਹਨ। ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਲੋਹੀਆ ਨੇ ਘਟਨਾ ਤੋਂ ਪਹਿਲਾਂ ਆਪਣੇ ਪੈਰਾਂ ‘ਤੇ ਤੇਲ ਲਗਾਇਆ ਸੀ। ਉਸਦੇ ਪੈਰਾਂ ਵਿੱਚ ਸੋਜ ਸੀ। ਕਾਤਲ ਨੇ ਕੈਚੱਪ ਦੀ ਬੋਤਲ ਨਾਲ ਉਸ ਦਾ ਗਲਾ ਵੱਢ ਕੇ ਉਸ ਦੀ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕੀਤੀ। ਰੌਲਾ ਸੁਣ ਕੇ ਪਰਿਵਾਰਕ ਮੈਂਬਰ ਭੱਜ ਕੇ ਆ ਗਏ। ਪੁਲਿਸ ਨੇ ਦੱਸਿਆ ਹੈ ਕਿ ਪਹਿਲਾਂ ਉਸ ਨੂੰ ਸਿਰਹਾਣੇ ਨਾਲ ਦਬਾ ਕੇ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਗਈ।
ਏਡੀਜੀਪੀ ਮੁਕੇਸ਼ ਸਿੰਘ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਸਭ ਤੋਂ ਪਹਿਲਾਂ ਕਮਰੇ ਵਿੱਚ ਅੱਗ ਲੱਗੀ ਦੇਖੀ। ਦਰਵਾਜ਼ਾ ਅੰਦਰੋਂ ਬੰਦ ਸੀ। ਉਹ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋਏ। ਮੁਕੇਸ਼ ਸਿੰਘ ਨੇ ਦੱਸਿਆ ਕਿ ਮੁਢਲੀ ਜਾਂਚ ‘ਚ ਅਜਿਹਾ ਲੱਗਦਾ ਹੈ ਕਿ ਇਹ ਕਤਲ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 2 ਦਿਨਾਂ ਦੌਰੇ ‘ਤੇ ਜੰਮੂ-ਕਸ਼ਮੀਰ ‘ਚ ਹਨ। ਜਿਸ ਕਾਰਨ ਪੁਲੀਸ ਅਧਿਕਾਰੀ ਘਟਨਾ ਦੀ ਜਾਂਚ ਵਿੱਚ ਸਰਗਰਮ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਸੋਮਵਾਰ ਦੁਪਹਿਰ ਨੂੰ ਬਾਰਾਮੂਲਾ ‘ਚ ਕੁਝ ਅੱਤਵਾਦੀਆਂ ਨੇ ਇਕ ਬੈਂਕ ਮੈਨੇਜਰ ‘ਤੇ ਹਮਲਾ ਕਰ ਦਿੱਤਾ। ਅੱਤਵਾਦੀਆਂ ਨੇ ਬੈਂਕ ਮੈਨੇਜਰ ‘ਤੇ ਗੋਲੀਬਾਰੀ ਕੀਤੀ ਪਰ ਬੈਂਕ ਮੈਨੇਜਰ ਕਿਸੇ ਤਰ੍ਹਾਂ ਇਸ ਹਮਲੇ ‘ਚ ਬਚ ਗਿਆ ਸੀ।