- ਸੰਦੀਪ ਘੋਸ਼ ‘ਤੇ ਰਾਜ ਸਰਕਾਰ ਦੇਵੇਗੀ ਹਲਫਨਾਮਾ
- ਮਾਨਸ ਕੁਮਾਰ ਹਸਪਤਾਲ ਦੇ ਨਵੇਂ ਪ੍ਰਿੰਸੀਪਲ ਲਾਏ
ਕੋਲਕਾਤਾ, 22 ਅਗਸਤ 2024 – 21 ਅਗਸਤ ਨੂੰ ਪੱਛਮੀ ਬੰਗਾਲ ਸਰਕਾਰ ਨੇ ਕੋਲਕਾਤਾ ਬਲਾਤਕਾਰ-ਕਤਲ ਮਾਮਲੇ ਵਿੱਚ ਨਵੀਂ ਕਾਰਵਾਈ ਕੀਤੀ। ਦੇਰ ਰਾਤ ਆਰ.ਜੀ.ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਨਵੇਂ ਪ੍ਰਿੰਸੀਪਲ ਡਾ.ਸੁਰਾਹਿਤਾ ਪਾਲ, ਮੈਡੀਕਲ ਸੁਪਰਡੈਂਟ ਡਾ.ਬੁਲਬੁਲ ਮੁਖੋਪਾਧਿਆਏ ਅਤੇ ਛਾਤੀ ਵਿਭਾਗ ਦੇ ਐਚਓਡੀ ਅਰੁਣਭਾ ਦੱਤਾ ਦਾ ਤਬਾਦਲਾ ਕਰ ਦਿੱਤਾ ਗਿਆ।
ਇਸ ਦੇ ਨਾਲ ਹੀ ਸੀਬੀਆਈ ਵੀਰਵਾਰ (22 ਅਗਸਤ) ਨੂੰ ਟ੍ਰੇਨੀ ਡਾਕਟਰ ਦੇ ਬਲਾਤਕਾਰ-ਕਤਲ ਮਾਮਲੇ ਦੀ ਸਟੇਟਸ ਰਿਪੋਰਟ ਸੁਪਰੀਮ ਕੋਰਟ ਵਿੱਚ ਪੇਸ਼ ਕਰੇਗੀ। ਅਦਾਲਤ ਨੂੰ ਦੱਸਣਗੇ ਕਿ 9 ਦਿਨਾਂ ਦੀ ਜਾਂਚ ‘ਚ ਹੁਣ ਤੱਕ ਕੀ-ਕੀ ਜਾਣਕਾਰੀ ਮਿਲੀ ਹੈ। ਕਲਕੱਤਾ ਹਾਈ ਕੋਰਟ ਨੇ 13 ਅਗਸਤ ਨੂੰ ਇਹ ਮਾਮਲਾ ਸੀਬੀਆਈ ਨੂੰ ਸੌਂਪ ਦਿੱਤਾ ਸੀ।
ਮੈਡੀਕਲ ਕਾਲਜ ਦੇ ਸਾਬਕਾ ਡਿਪਟੀ ਸੁਪਰਡੈਂਟ ਅਖਤਰ ਅਲੀ ਨੇ ਹਾਈ ਕੋਰਟ ਤੋਂ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਖਿਲਾਫ ਈਡੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਘੋਸ਼ ਦੇ ਕਾਰਜਕਾਲ ਦੌਰਾਨ ਕਈ ਵਿੱਤੀ ਬੇਨਿਯਮੀਆਂ ਹੋਈਆਂ ਸਨ। ਸੂਬਾ ਸਰਕਾਰ ਇਸ ਮਾਮਲੇ ‘ਚ ਅੱਜ ਸੁਪਰੀਮ ਕੋਰਟ ‘ਚ ਹਲਫਨਾਮਾ ਦੇਵੇਗੀ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਕਾਲਜ ਦੀ ਸੁਰੱਖਿਆ ਸੀਆਈਐਸਐਫ ਨੂੰ ਸੌਂਪ ਦਿੱਤੀ ਗਈ। ਹਸਪਤਾਲ ਦੀ ਸੁਰੱਖਿਆ ਲਈ 150 ਤੋਂ ਵੱਧ ਜਵਾਨ ਤਾਇਨਾਤ ਹਨ।
ਬਲਾਤਕਾਰ-ਕਤਲ ਮਾਮਲੇ ਨੂੰ ਲੈ ਕੇ ਪਿਛਲੇ 11 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਨੇ ਇਨ੍ਹਾਂ ਸਾਰੇ ਅਧਿਕਾਰੀਆਂ ਨੂੰ ਹਟਾਉਣ ਦੀ ਮੰਗ ਕੀਤੀ ਸੀ। ਸਰਕਾਰ ਨੇ ਮਾਨਸ ਕੁਮਾਰ ਬੰਦੋਪਾਧਿਆਏ ਨੂੰ ਨਵਾਂ ਪ੍ਰਿੰਸੀਪਲ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰ ਨੇ ਸਾਬਕਾ ਪ੍ਰਿੰਸੀਪਲ ਡਾ: ਸੰਦੀਪ ਘੋਸ਼ ਦੇ ਕਲਕੱਤਾ ਨੈਸ਼ਨਲ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਤਬਾਦਲੇ ਦੇ ਹੁਕਮ ਵੀ ਰੱਦ ਕਰ ਦਿੱਤੇ ਹਨ।